ਕਪੂਰਥਲਾ :- ਕਪੂਰਥਲਾ ਜ਼ਿਲ੍ਹੇ ਦੇ ਬੇਗੋਵਾਲ ਸ਼ਹਿਰ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਮੁੱਖ ਬਾਜ਼ਾਰ ਵਿੱਚ ਹੋਈ ਇੱਕ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਮੀਖੋਵਾਲ ਪਾਰਕ ਨੇੜੇ ਦੋ ਨੌਜਵਾਨਾਂ ਵਿਚਾਲੇ ਹੋਈ ਬਹਿਸ ਕੁਝ ਹੀ ਪਲਾਂ ਵਿੱਚ ਹਿੰਸਕ ਝੜਪ ਵਿੱਚ ਤਬਦੀਲ ਹੋ ਗਈ, ਜਿਸ ਦੌਰਾਨ ਇੱਕ ਨੌਜਵਾਨ ’ਤੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ।
ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ
ਹਮਲੇ ਵਿੱਚ ਗੰਭੀਰ ਰੂਪ ਵਿੱਚ ਜਖ਼ਮੀ ਹੋਏ ਨੌਜਵਾਨ ਨੂੰ ਤੁਰੰਤ ਬੇਗੋਵਾਲ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਵੱਲੋਂ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬਾਲਾਪੀਰ, ਬੇਗੋਵਾਲ ਵਜੋਂ ਹੋਈ ਹੈ।
ਵਾਰਦਾਤ ਤੋਂ ਬਾਅਦ ਬਾਜ਼ਾਰ ’ਚ ਫੈਲੀ ਦਹਿਸ਼ਤ
ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਦਿਨ-ਦਿਹਾੜੇ ਹੋਈ ਇਸ ਖੂਨੀ ਵਾਰਦਾਤ ਕਾਰਨ ਬਾਜ਼ਾਰ ਵਿੱਚ ਅਫਰਾਤਫਰੀ ਮਚ ਗਈ ਅਤੇ ਲੋਕ ਘਬਰਾਏ ਹੋਏ ਨਜ਼ਰ ਆਏ। ਸਥਾਨਕ ਲੋਕਾਂ ਅਨੁਸਾਰ ਹਮਲਾ ਇੰਨਾ ਅਚਾਨਕ ਹੋਇਆ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ।
ਮੁਲਜ਼ਮ ਫ਼ਰਾਰ, ਪੁਲਿਸ ਵੱਲੋਂ ਭਾਲ ਤੇਜ਼
ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਜਦਕਿ ਫ਼ਰਾਰ ਹਮਲਾਵਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

