ਮਲੋਟ :- ਮਲੋਟ ਦੇ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਵਿੱਚ ਆਪਸੀ ਰੰਜਿਸ਼ ਨੇ ਖੂਨੀ ਰੂਪ ਧਾਰ ਲਿਆ, ਜਿੱਥੇ ਇੱਕ ਵਕੀਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ ਮਾਨ ਵਜੋਂ ਹੋਈ ਹੈ, ਜੋ ਪਿਛਲੇ ਦੋ ਦਹਾਕਿਆਂ ਤੋਂ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿੱਚ ਵਕਾਲਤ ਕਰ ਰਹੇ ਸਨ।
ਖੇਤ ਵਿੱਚ ਕੰਮ ਦੌਰਾਨ ਕੀਤਾ ਹਮਲਾ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਾਮ ਸਮੇਂ ਗੁਰਜੀਤ ਸਿੰਘ ਖੇਤ ਵਿੱਚ ਟਰੈਕਟਰ ਨਾਲ ਕੰਮ ਕਰ ਰਹੇ ਸਨ। ਇਸ ਦੌਰਾਨ ਜਗਮੀਤ ਸਿੰਘ ਉਰਫ਼ ਜੱਗਾ, ਕਮਲਜੀਤ ਸਿੰਘ ਉਰਫ਼ ਕਾਲਾ, ਬੰਤਾ ਸਿੰਘ ਅਤੇ ਇੱਕ ਹੋਰ ਅਣਪਛਾਤਾ ਵਿਅਕਤੀ ਟਰੈਕਟਰ ’ਤੇ ਉੱਥੇ ਪਹੁੰਚੇ ਅਤੇ ਉਨ੍ਹਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ।
ਭੱਜਦੇ ਵਕੀਲ ਨੂੰ ਡੇਗ ਕੇ ਟਰੈਕਟਰ ਨਾਲ ਕੁਚਲਿਆ
ਦੋਸ਼ ਹੈ ਕਿ ਹਮਲਾਵਰਾਂ ਨੇ ਪਹਿਲਾਂ ਗੁਰਜੀਤ ਦੇ ਟਰੈਕਟਰ ਵਿੱਚ ਟੱਕਰ ਮਾਰੀ ਅਤੇ ਫਿਰ ਉਸ ’ਤੇ ਹਮਲਾ ਕਰ ਦਿੱਤਾ। ਜਦੋਂ ਗੁਰਜੀਤ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ ਤਾਂ ਦੋ ਵਿਅਕਤੀਆਂ ਨੇ ਉਨ੍ਹਾਂ ’ਤੇ ਤਰੰਗਲੀ ਨਾਲ ਵਾਰ ਕਰਕੇ ਜ਼ਮੀਨ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਮੁੱਖ ਦੋਸ਼ੀ ਨੇ ਟਰੈਕਟਰ ਅਤੇ ਕਲਟੀਵੇਟਰ ਉਨ੍ਹਾਂ ਉੱਪਰ ਚੜ੍ਹਾ ਦਿੱਤਾ। ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਪੰਚਾਇਤੀ ਟਾਹਲੀ ਵਿਵਾਦ ਦੱਸਿਆ ਜਾ ਰਿਹਾ ਕਾਰਨ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੰਚਾਇਤੀ ਟਾਹਲੀ ਪੁੱਟਣ ਦੇ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਪੁਰਾਣਾ ਵਿਵਾਦ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਕੀਤੀ ਗਈ ਸ਼ਿਕਾਇਤ ਕਾਰਨ ਰੰਜਿਸ਼ ਵਧ ਗਈ ਸੀ।
ਪੁਲਿਸ ਨੇ ਕੀਤਾ ਮਾਮਲਾ ਦਰਜ
ਪੰਜਾਬ ਪੁਲਿਸ ਦੇ ਸਦਰ ਮਲੋਟ ਥਾਣੇ ਨੇ ਬੰਤਾ ਸਿੰਘ, ਕਮਲਜੀਤ ਸਿੰਘ, ਜਗਮੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

