ਮਨੀਲਾ :- ਮਨੀਲਾ ਵਿੱਚ ਪੰਜਾਬ ਦੇ ਦੌਲਤਪੁਰਾ ਪਿੰਡ ਨਾਲ ਸਬੰਧਤ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ, ਜੋ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਫਿਲੀਪੀਨਜ਼ ਵਿੱਚ ਰਹਿ ਰਿਹਾ ਸੀ।
ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਬਣਾਇਆ ਨਿਸ਼ਾਨਾ
ਜਾਣਕਾਰੀ ਅਨੁਸਾਰ ਰਣਜੀਤ ਸਿੰਘ ਉੱਥੇ ਲੋਨ ਦਾ ਕਾਰੋਬਾਰ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨਾਲ ਉਸਦਾ ਪੈਸਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। 8 ਮਈ ਨੂੰ ਜਦੋਂ ਉਹ ਪੈਸੇ ਇਕੱਠੇ ਕਰਨ ਲਈ ਗਿਆ ਹੋਇਆ ਸੀ ਤਾਂ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ’ਤੇ ਅਚਾਨਕ ਫਾਇਰਿੰਗ ਕਰ ਦਿੱਤੀ। ਇੱਕ ਗੋਲੀ ਬਹੁਤ ਨੇੜਿਓਂ ਉਸਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਮਾਰੀ ਗਈ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਮ੍ਰਿਤਕ ਆਪਣੇ ਪਿੱਛੇ ਪਤਨੀ, ਇੱਕ ਅੱਠ ਸਾਲ ਦੀ ਧੀ ਅਤੇ ਚਾਰ ਸਾਲ ਦਾ ਪੁੱਤਰ ਛੱਡ ਗਿਆ ਹੈ। ਕਰੀਬ 40 ਸਾਲਾ ਰਣਜੀਤ ਸਿੰਘ ਆਪਣੇ ਵੱਡੇ ਭਰਾ ਨਾਲ ਮਿਲ ਕੇ ਮਨੀਲਾ ਵਿੱਚ ਵਿੱਤੀ ਕਾਰੋਬਾਰ ਕਰ ਰਿਹਾ ਸੀ। ਘਟਨਾ ਦੀ ਖਬਰ ਮਿਲਦਿਆਂ ਹੀ ਪਿੰਡ ਦੌਲਤਪੁਰਾ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ।
ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ
ਫਿਲੀਪੀਨਜ਼ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਘਟਨਾ ਸਥਾਨ ਤੋਂ ਪੰਜ ਖੋਖੇ ਮਿਲੇ ਹਨ। ਹਮਲਾਵਰਾਂ ਦੀ ਪਛਾਣ ਲਈ ਨੇੜਲੇ ਇਲਾਕਿਆਂ ਦੀਆਂ ਸੀਸੀਟੀਵੀ ਫੁਟੇਜਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਜਾਂਚ ਜਾਰੀ ਹੈ।

