ਮੋਹਾਲੀ :- ਖਰੜ ਦੇ ਬਸਟੇਡ ਟਾਵਰ ਵਿੱਚ ਚੱਲ ਰਹੀ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਲੰਬੀ ਛਾਪੇਮਾਰੀ ਕਾਰਵਾਈ ਸ਼ੁੱਕਰਵਾਰ ਦੇਰ ਰਾਤ ਸਮਾਪਤ ਹੋ ਗਈ। ਨੌਵੀਂ ਮੰਜ਼ਿਲ ’ਤੇ ਕੀਤੀ ਗਈ ਇਹ ਜਾਂਚ ਕਰੀਬ 40 ਘੰਟਿਆਂ ਤੱਕ ਲਗਾਤਾਰ ਚੱਲਦੀ ਰਹੀ, ਜਿਸ ਕਾਰਨ ਇਲਾਕੇ ਵਿੱਚ ਦੋ ਦਿਨ ਤੱਕ ਹਲਚਲ ਬਣੀ ਰਹੀ।
ਅਧਿਕਾਰੀ ਸਮਾਨ ਨਾਲ ਬਾਹਰ ਨਿਕਲੇ
ਕਾਰਵਾਈ ਮੁੱਕਣ ਮਗਰੋਂ ਈਡੀ ਦੇ ਅਧਿਕਾਰੀ ਇਮਾਰਤ ਤੋਂ ਬੈਗਾਂ ਵਿੱਚ ਕੁਝ ਦਸਤਾਵੇਜ਼ ਅਤੇ ਸਮਾਨ ਲੈ ਕੇ ਬਾਹਰ ਨਿਕਲਦੇ ਵੇਖੇ ਗਏ। ਹਾਲਾਂਕਿ ਜਾਂਚ ਟੀਮ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਕੀ ਕੁਝ ਜ਼ਬਤ ਕੀਤਾ ਗਿਆ ਹੈ। ਇਸ ਦੌਰਾਨ ਆਈਟੀ ਕਾਰੋਬਾਰੀ ਨਿਤਿਨ ਗੋਹਿਲ ਵੀ ਟੀਮ ਨਾਲ ਨਜ਼ਰ ਨਹੀਂ ਆਏ, ਜਿਸ ਕਾਰਨ ਉਨ੍ਹਾਂ ਦੀ ਗ੍ਰਿਫ਼ਤਾਰੀ ਬਾਰੇ ਚੱਲ ਰਹੀਆਂ ਅਟਕਲਾਂ ਨੂੰ ਅਜੇ ਤੱਕ ਕੋਈ ਅਧਿਕਾਰਕ ਆਧਾਰ ਨਹੀਂ ਮਿਲਿਆ।
ਜ਼ਮੀਨੀ ਘਪਲੇ ਅਤੇ ਮਨੀ ਲਾਂਡਰਿੰਗ ਨਾਲ ਜੋੜੀ ਜਾ ਰਹੀ ਜਾਂਚ
ਸੂਤਰਾਂ ਅਨੁਸਾਰ ਇਹ ਮਾਮਲਾ ਜ਼ਮੀਨ ਦੀ ਵਰਤੋਂ ਬਦਲਾਅ ਮਨਜ਼ੂਰੀਆਂ ਹਾਸਲ ਕਰਨ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਨਾਲ ਜੁੜਿਆ ਹੋਇਆ ਹੈ। ਦੋਸ਼ ਹਨ ਕਿ ਇਸ ਰਾਹੀਂ ਜ਼ਮੀਨ ਮਾਲਕਾਂ ਅਤੇ ਗਾਹਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ। ਇਸਦੇ ਨਾਲ ਹੀ ਪੈਸੇ ਦੀ ਗ਼ੈਰਕਾਨੂੰਨੀ ਹੇਰਾਫੇਰੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
ਇੱਕ ਕਰੋੜ ਦੀ ਬਰਾਮਦਗੀ ਦਾ ਦਾਅਵਾ
ਈਡੀ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜਾਂਚ ਦੌਰਾਨ ਇੱਕ ਕਰੋੜ ਰੁਪਏ ਬਰਾਮਦ ਹੋਏ ਹਨ। ਇਸ ਖੁਲਾਸੇ ਤੋਂ ਬਾਅਦ ਸਿਆਸੀ ਮਾਹੌਲ ਵੀ ਗਰਮਾ ਗਿਆ ਅਤੇ ਕਈ ਸਵਾਲ ਖੜ੍ਹੇ ਹੋਣ ਲੱਗੇ।
ਅਮਨ ਅਰੋੜਾ ਨੇ ਦੋਸਤੀ ਮੰਨੀ, ਕਾਰੋਬਾਰੀ ਸਬੰਧ ਨਕਾਰੇ
ਜਾਂਚ ਏਜੰਸੀ ਦਾ ਕਹਿਣਾ ਹੈ ਕਿ ਮਨੀ ਲਾਂਡਰਿੰਗ ਮਾਮਲੇ ਵਿੱਚ ਨਾਮਜ਼ਦ ਗੌਰਵ ਧੀਰ ਦੇ ਸਬੰਧ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਨੇੜਲੇ ਹਨ। ਇਸ ਮਾਮਲੇ ’ਤੇ ਵਧ ਰਹੀਆਂ ਚਰਚਾਵਾਂ ਦੇ ਦਰਮਿਆਨ ਅਮਨ ਅਰੋੜਾ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ। ਉਨ੍ਹਾਂ ਮੰਨਿਆ ਕਿ ਗੌਰਵ ਧੀਰ ਉਨ੍ਹਾਂ ਦੇ ਜਾਣਕਾਰ ਅਤੇ ਦੋਸਤ ਹਨ, ਪਰ ਕਿਸੇ ਵੀ ਤਰ੍ਹਾਂ ਦੇ ਕਾਰੋਬਾਰੀ ਲੈਣ-ਦੇਣ ਨਾਲ ਆਪਣਾ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ।
ਅਧਿਕਾਰਕ ਜਾਣਕਾਰੀ ਦੀ ਅਜੇ ਵੀ ਉਡੀਕ
ਖ਼ਬਰ ਲਿਖੇ ਜਾਣ ਤੱਕ ਈਡੀ ਵੱਲੋਂ ਨਾ ਤਾਂ ਕਿਸੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਨਾ ਹੀ ਜ਼ਬਤ ਸਮਾਨ ਬਾਰੇ ਵਿਸਥਾਰ ਸਾਂਝੇ ਕੀਤੇ ਗਏ ਸਨ। ਹੁਣ ਸਭ ਦੀ ਨਜ਼ਰ ਏਜੰਸੀ ਦੀ ਅਗਲੀ ਕਾਰਵਾਈ ਅਤੇ ਸੰਭਾਵਿਤ ਖੁਲਾਸਿਆਂ ’ਤੇ ਟਿਕੀ ਹੋਈ ਹੈ।

