ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਲਾਗੂ ਕਰਨ ਤੋਂ ਬਾਅਦ ਸ਼ੁਰੂ ਕੀਤੀ ਗਈ ‘ਸ਼ੁਕਰਾਨਾ ਯਾਤਰਾ’ ਦਾ ਅੱਜ ਤੀਜਾ ਦਿਨ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 6 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋਈ ਇਹ ਯਾਤਰਾ ਅੱਜ ਪਿੰਡ ਜੀਦਾ ਰਾਹੀਂ ਬਠਿੰਡਾ ਜ਼ਿਲ੍ਹੇ ਵਿੱਚ ਦਾਖਲ ਹੋਵੇਗੀ।
ਬਠਿੰਡਾ ਦੇ ਕਈ ਮੁੱਖ ਇਲਾਕਿਆਂ ਵਿੱਚੋਂ ਲੰਘੇਗੀ ਯਾਤਰਾ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਯਾਤਰਾ ਤਿੰਨ ਕੋਣੀ ਤੋਂ ਅੱਗੇ ਵਧਦਿਆਂ ਅਮਰੀਕ ਸਿੰਘ ਰੋਡ ਨੇੜੇ ਉਡਾਂਗ ਸਿਨੇਮਾ ਵਿਖੇ ਕੁਝ ਸਮੇਂ ਲਈ ਰੁਕੇਗੀ। ਇਸ ਤੋਂ ਬਾਅਦ ਗੋਲ ਡਿੱਗੀ, ਹਨੂੰਮਾਨ ਚੌਂਕ ਅਤੇ ਬੱਸ ਸਟੈਂਡ ਰਾਹੀਂ ਕੋਟਸ਼ਮੀਰ ਨੇੜੇ ਸੁਸ਼ਾਂਤ ਸਿਟੀ ਤੱਕ ਯਾਤਰਾ ਪਹੁੰਚੇਗੀ। ਅਗਲੇ ਪੜਾਅ ਵਿੱਚ ਭਾਗੀਵਾਂਦਰ ਤੋਂ ਹੁੰਦੀ ਹੋਈ ਯਾਤਰਾ ਤਲਵੰਡੀ ਸਾਬੋ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇਗੀ।
ਮੁੱਖ ਮੰਤਰੀ ਦੀ ਹਾਜ਼ਰੀ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਸਖ਼ਤ
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਜਯੋਤੀ ਯਾਦਵ ਬੈਂਸ ਵੱਲੋਂ ਯਾਤਰਾ ਦੇ ਰਸਤੇ ਅਤੇ ਇੰਤਜ਼ਾਮਾਂ ਦਾ ਜਾਇਜ਼ਾ ਲਿਆ ਗਿਆ। ਅਧਿਕਾਰੀਆਂ ਨੇ ਜੀਦਾ, ਗੋਨਿਆਣਾ ਅਤੇ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ਵਿੱਚ ਸੁਰੱਖਿਆ, ਟ੍ਰੈਫਿਕ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਕੀਤੀ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਸਵੇਰੇ 10 ਵਜੇ ਅਗਲੇ ਪੜਾਅ ਲਈ ਰਵਾਨਾ ਹੋਵੇਗੀ ਯਾਤਰਾ
ਪ੍ਰਸ਼ਾਸਨ ਮੁਤਾਬਕ 8 ਮਈ ਨੂੰ ‘ਸ਼ੁਕਰਾਨਾ ਯਾਤਰਾ’ ਸਵੇਰੇ ਕਰੀਬ 10 ਵਜੇ ਤਿੰਨ ਕੋਣੀ ਬਠਿੰਡਾ ਤੋਂ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਵੇਗੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਯਾਤਰਾ ਵਿੱਚ ਸ਼ਮੂਲੀਅਤ ਕਰਨਗੇ। ਸਰਕਾਰ ਇਸ ਯਾਤਰਾ ਨੂੰ ਬੇਅਦਬੀ ਵਿਰੋਧੀ ਕਾਨੂੰਨ ਪ੍ਰਤੀ ਲੋਕਾਂ ਦੇ ਸਹਿਯੋਗ ਅਤੇ ਧਾਰਮਿਕ ਸਤਿਕਾਰ ਨਾਲ ਜੋੜ ਕੇ ਵੇਖ ਰਹੀ ਹੈ।

