ਫਰੀਦਕੋਟ :- ਪੰਜਾਬ ਵਿੱਚ ਨਕਲੀ ਖੇਤੀ ਸਮੱਗਰੀ ਵੇਚਣ ਵਾਲਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਫ਼ਰੀਦਕੋਟ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਨੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਨਰਾਇਣ ਨਗਰ ਸਥਿਤ ਇੱਕ ਰਿਹਾਇਸ਼ੀ ਮਕਾਨ ‘ਤੇ ਛਾਪਾ ਮਾਰ ਕੇ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀ ਖਾਦ ਅਤੇ ਕੀਟਨਾਸ਼ਕ ਪੈਕਿੰਗ ਯੂਨਿਟ ਦਾ ਪਰਦਾਫਾਸ਼ ਕੀਤਾ। ਮਾਮਲੇ ਸਬੰਧੀ ਮਕਾਨ ਮਾਲਕ ਰਾਜਿੰਦਰ ਸੇਠੀ ਖ਼ਿਲਾਫ਼ ਸਿਟੀ ਥਾਣਾ ਫ਼ਰੀਦਕੋਟ ਵਿੱਚ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ।
ਮਿਆਦ ਪੁੱਗੇ ਖਾਦ ਤੇ ਕੀਟਨਾਸ਼ਕਾਂ ਦਾ ਵੱਡਾ ਜਖੀਰਾ ਬਰਾਮਦ
ਜਾਂਚ ਦੌਰਾਨ ਟੀਮ ਨੂੰ ਮੌਕੇ ਤੋਂ ਵੱਡੀ ਮਾਤਰਾ ਵਿੱਚ ਸ਼ੱਕੀ ਅਤੇ ਮਿਆਦ ਪੁੱਗ ਚੁੱਕੀ ਖਾਦ ਅਤੇ ਕੀਟਨਾਸ਼ਕ ਸਮੱਗਰੀ ਮਿਲੀ। ਵਿਭਾਗ ਵੱਲੋਂ ਲੈਬ ਟੈਸਟ ਲਈ 18 ਨਮੂਨੇ ਇਕੱਠੇ ਕੀਤੇ ਗਏ ਹਨ। ਇਸ ਤੋਂ ਇਲਾਵਾ ਦੋ ਬੈਚ ਮਿਆਦ ਪੁੱਗੀ ਖਾਦ ਅਤੇ ਅੱਠ ਮਿਆਦ ਪੁੱਗੇ ਕੀਟਨਾਸ਼ਕ ਵੀ ਜ਼ਬਤ ਕੀਤੇ ਗਏ। ਅਧਿਕਾਰੀਆਂ ਅਨੁਸਾਰ ਇਹ ਸਮੱਗਰੀ ਕਿਸਾਨਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਸੀ।
ਬਿਨਾਂ ਲਾਇਸੈਂਸ ਘਰ ਵਿੱਚ ਚੱਲ ਰਿਹਾ ਸੀ ਪੈਕਿੰਗ ਕੰਮ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਆਪਣੀ ਰਿਹਾਇਸ਼ ਵਿੱਚ ਹੀ ਗੈਰ-ਕਾਨੂੰਨੀ ਪੈਕਿੰਗ ਯੂਨਿਟ ਚਲਾ ਰਿਹਾ ਸੀ। ਛਾਪੇ ਦੌਰਾਨ ਖੁੱਲ੍ਹੀਆਂ ਅਤੇ ਬਿਨਾਂ ਨਿਸ਼ਾਨ ਵਾਲੀਆਂ ਬੋਰੀਆਂ ਦੇ ਨਾਲ ਸਿਲਾਈ ਅਤੇ ਸੀਲਿੰਗ ਮਸ਼ੀਨਾਂ ਵੀ ਬਰਾਮਦ ਹੋਈਆਂ, ਜਿਨ੍ਹਾਂ ਦੀ ਵਰਤੋਂ ਨਕਲੀ ਸਮੱਗਰੀ ਨੂੰ ਦੁਬਾਰਾ ਪੈਕ ਕਰਨ ਲਈ ਕੀਤੀ ਜਾਂਦੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਦਾ ਖਾਦ ਲਾਇਸੈਂਸ ਵੀ ਮਿਆਦ ਪੁੱਗ ਚੁੱਕਾ ਸੀ, ਫਿਰ ਵੀ ਉਹ ਧੜੱਲੇ ਨਾਲ ਕਾਰੋਬਾਰ ਕਰ ਰਿਹਾ ਸੀ।
ਹਿਮਾਚਲ ਨਾਲ ਜੁੜੀਆਂ ਸਪਲਾਈ ਲਿੰਕਾਂ ਦੀ ਵੀ ਹੋਵੇਗੀ ਜਾਂਚ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਸਮੱਗਰੀ ਹਿਮਾਚਲ ਪ੍ਰਦੇਸ਼ ਦੀ ਇੱਕ ਫਰਮ ਤੋਂ ਲਿਆਂਦੀ ਜਾਂਦੀ ਸੀ। ਸਰਕਾਰ ਹੁਣ ਪੂਰੀ ਸਪਲਾਈ ਚੇਨ ਦੀ ਜਾਂਚ ਕਰੇਗੀ ਤਾਂ ਜੋ ਇਸ ਰੈਕੇਟ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ।
ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਕੋਈ ਰਾਹਤ : ਖੁੱਡੀਆਂ
ਮੰਤਰੀ ਖੁੱਡੀਆਂ ਨੇ ਕਿਹਾ ਕਿ ਨਕਲੀ ਅਤੇ ਮਿਆਦ ਪੁੱਗ ਚੁੱਕੇ ਖੇਤੀ ਉਤਪਾਦ ਵੇਚਣਾ ਕਿਸਾਨਾਂ ਨਾਲ ਵੱਡੀ ਧੋਖਾਧੜੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਅਤੇ ਆਰਥਿਕਤਾ ਨਾਲ ਖੇਡਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖੇਗੀ। ਨਾਲ ਹੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਥਾਂ ਸ਼ੱਕੀ ਖਾਦ ਜਾਂ ਕੀਟਨਾਸ਼ਕ ਵੇਚੇ ਜਾਣ ਦੀ ਜਾਣਕਾਰੀ ਮਿਲੇ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ।

