ਅੰਮ੍ਰਿਤਸਰ :- ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਇਕ ਅਹਿਮ ਪ੍ਰੈਸ ਕਾਨਫਰੰਸ ਕਰਦਿਆਂ 1984 ਨਾਲ ਜੁੜੇ ਸੰਵੇਦਨਸ਼ੀਲ ਮਾਮਲੇ ਨੂੰ ਮੁੜ ਉਠਾਇਆ ਹੈ। ਉਨ੍ਹਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਗੁੰਮ ਹੋਏ ਦਸਤਾਵੇਜ਼ਾਂ ਅਤੇ ਪਾਵਨ ਸਰੂਪਾਂ ਸਬੰਧੀ ਚਿੰਤਾ ਜਤਾਈ ਹੈ।
ਗ੍ਰਹਿ ਮੰਤਰੀ ਕੋਲੋਂ ਮੰਗਿਆ ਸਪੱਸ਼ਟੀਕਰਨ
ਗਿਆਨੀ ਰਘਬੀਰ ਸਿੰਘ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ 1984 ਦੌਰਾਨ ਹੋਏ ਫੌਜੀ ਕਾਰਵਾਈ ਸਮੇਂ ਲਾਇਬ੍ਰੇਰੀ ਵਿੱਚੋਂ ਗਾਇਬ ਹੋਈ ਵਿਰਾਸਤੀ ਸਮੱਗਰੀ ਬਾਰੇ ਸਾਫ਼ ਜਵਾਬ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਖ ਇਤਿਹਾਸ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ।
ਦੁਰਲਭ ਦਸਤਾਵੇਜ਼ਾਂ ਦੀ ਗੁੰਮਸ਼ੁਦਗੀ ‘ਤੇ ਚਿੰਤਾ
ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਲਾਇਬ੍ਰੇਰੀ ਵਿੱਚੋਂ ਕੀਮਤੀ ਹੁਕਮਨਾਮੇ, ਇਤਿਹਾਸਕ ਲਿਖਤਾਂ ਅਤੇ ਪਵਿੱਤਰ ਸਰੂਪਾਂ ਦੇ ਗੁੰਮ ਹੋਣ ਜਾਂ ਲਿਜਾਣ ਬਾਰੇ ਵੱਖ-ਵੱਖ ਦਾਅਵੇ ਕੀਤੇ ਜਾਂਦੇ ਰਹੇ ਹਨ। ਇਸ ਸਬੰਧੀ ਸੱਚਾਈ ਅਜੇ ਤੱਕ ਸਪੱਸ਼ਟ ਨਹੀਂ ਹੋ ਸਕੀ।
ਰਿਕਾਰਡ ਜਨਤਕ ਕਰਨ ਦੀ ਮੰਗ
ਗਿਆਨੀ ਰਘਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਨਾਲ ਸੰਬੰਧਿਤ ਸਾਰੇ ਰਿਕਾਰਡ ਅਤੇ ਜਾਂਚ ਰਿਪੋਰਟਾਂ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਲੋਕਾਂ ਦੇ ਮਨ ਵਿੱਚ ਚੱਲ ਰਹੀਆਂ ਸ਼ੰਕਾਵਾਂ ਦੂਰ ਹੋ ਸਕਣ।
ਸੰਗਤ ਵਿੱਚ ਫੈਲੀ ਚਿੰਤਾ, ਚਰਚਾ ਤੇਜ਼
ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਵਿੱਚ ਅਜੇ ਵੀ ਬੇਚੈਨੀ ਮੌਜੂਦ ਹੈ। ਉਨ੍ਹਾਂ ਦੀ ਇਸ ਪਹਲ ਤੋਂ ਬਾਅਦ ਦੇਸ਼ ਭਰ ਵਿੱਚ ਮੁੜ ਚਰਚਾ ਛਿੜ ਗਈ ਹੈ ਅਤੇ ਹੁਣ ਸਭ ਦੀ ਨਜ਼ਰ ਸਰਕਾਰ ਦੇ ਜਵਾਬ ‘ਤੇ ਟਿਕੀ ਹੋਈ ਹੈ।

