ਕੈਨੇਡਾ :- ਕੈਨੇਡਾ ਦੇ ਕੈਲਗਰੀ ਦੇ ਉੱਤਰ-ਪੂਰਬੀ ਹਿੱਸੇ ਵਿੱਚ ਕਮਿਊਨਿਟੀ ਮੇਲਬਾਕਸਾਂ ਨਾਲ ਹੋ ਰਹੀ ਤੋੜਫੋੜ ਅਤੇ ਡਾਕ ਚੋਰੀ ਦੀਆਂ ਵਾਰਦਾਤਾਂ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਅਪ੍ਰੈਲ ਮਹੀਨੇ ਦੌਰਾਨ ਸਕਾਈਵਿਊ ਇਲਾਕੇ ‘ਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਦਰਜ ਹੋਈਆਂ ਸਨ।
ਟਰੈਫਿਕ ਚੈਕ ਦੌਰਾਨ ਆਏ ਕਾਬੂ
ਪੁਲਿਸ ਮੁਤਾਬਕ ਇੱਕ ਰੁਟੀਨ ਟਰੈਫਿਕ ਚੈਕ ਦੌਰਾਨ ਦੋਵੇਂ ਵਿਅਕਤੀ ਸ਼ੱਕ ਦੇ ਆਧਾਰ ‘ਤੇ ਰੋਕੇ ਗਏ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਡਾਕ ਸਮੱਗਰੀ ਦੇ ਨਾਲ ਨਾਲ ਮੇਲਬਾਕਸ ਤੋੜਨ ਲਈ ਵਰਤੇ ਜਾਣ ਵਾਲੇ ਔਜ਼ਾਰ ਵੀ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਕਈ ਚੋਰੀਆਂ ਕਰਨ ਦੀ ਗੱਲ ਕਬੂਲ ਕੀਤੀ।
ਚੈਕ ਤੇ ਪਛਾਣ ਦਸਤਾਵੇਜ਼ ਵੀ ਮਿਲੇ
ਜਾਂਚ ਦੌਰਾਨ ਦੋਸ਼ੀਆਂ ਕੋਲੋਂ ਚੈੱਕ, ਕ੍ਰੈਡਿਟ ਕਾਰਡ ਅਤੇ ਪਛਾਣ ਨਾਲ ਸਬੰਧਿਤ ਦਸਤਾਵੇਜ਼ ਵੀ ਮਿਲੇ ਹਨ, ਜਿਸ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਹ ਦਸਤਾਵੇਜ਼ ਕਿਹੜੇ ਲੋਕਾਂ ਨਾਲ ਸਬੰਧਤ ਹਨ।
ਦੋਵਾਂ ‘ਤੇ ਦਰਜਨਾਂ ਮਾਮਲੇ ਦਰਜ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕੁਲਵਿੰਦਰ ਸਿੰਘ (ਉਮਰ 35 ਸਾਲ) ਅਤੇ ਜਗਰੂਪ ਸਿੰਘ (ਉਮਰ 27 ਸਾਲ) ਵਜੋਂ ਹੋਈ ਹੈ। ਦੋਵਾਂ ‘ਤੇ 38 ਤੋਂ ਵੱਧ ਡਾਕ ਚੋਰੀ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ‘ਤੇ ਚੋਰੀ ਕੀਤੀ ਜਾਇਦਾਦ ਰੱਖਣ, ਤੋੜਫੋੜ ਕਰਨ ਅਤੇ ਮੇਲਬਾਕਸ ਨੁਕਸਾਨ ਪਹੁੰਚਾਉਣ ਦੇ ਦੋਸ਼ ਵੀ ਲਗਾਏ ਗਏ ਹਨ।
ਪੁਲਿਸ ਵੱਲੋਂ ਹੋਰ ਜਾਂਚ ਜਾਰੀ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨਾਲ ਜੁੜੇ ਹੋਰ ਪੱਖਾਂ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

