ਨਵੀਂ ਦਿੱਲੀ :- ਭਾਰਤੀ ਰਿਜ਼ਰਵ ਬੈਂਕ ਨੇ ਕੜਾ ਕਦਮ ਚੁੱਕਦਿਆਂ ਪੇਟੀਆਮ ਪੇਮੈਂਟਸ ਬੈਂਕ ਲਿਮਟਿਡ ਨੂੰ ਜਾਰੀ ਕੀਤਾ ਬੈਂਕਿੰਗ ਲਾਇਸੈਂਸ ਰੱਦ ਕਰ ਦਿੱਤਾ ਹੈ। ਇਹ ਹੁਕਮ 24 ਅਪ੍ਰੈਲ 2026 ਦੇ ਕਾਰੋਬਾਰੀ ਸਮੇਂ ਦੇ ਅੰਤ ਤੋਂ ਲਾਗੂ ਹੋ ਗਿਆ ਹੈ, ਜਿਸ ਨਾਲ ਸੰਬੰਧਿਤ ਸੰਸਥਾ ਨੂੰ ਬੈਂਕਿੰਗ ਦੀ ਕੋਈ ਵੀ ਗਤੀਵਿਧੀ ਜਾਰੀ ਰੱਖਣ ਤੋਂ ਰੋਕ ਦਿੱਤਾ ਗਿਆ ਹੈ।
ਕਾਨੂੰਨੀ ਧਾਰਾਵਾਂ ਹੇਠ ਕਾਰਵਾਈ, ਹਰ ਤਰ੍ਹਾਂ ਦੇ ਬੈਂਕਿੰਗ ਕੰਮਾਂ ‘ਤੇ ਰੋਕ
ਕੇਂਦਰੀ ਬੈਂਕ ਵੱਲੋਂ ਇਹ ਕਾਰਵਾਈ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੀਆਂ ਸਬੰਧਤ ਧਾਰਾਵਾਂ ਤਹਿਤ ਕੀਤੀ ਗਈ ਹੈ। ਇਸ ਫੈਸਲੇ ਨਾਲ ਬੈਂਕ ਨੂੰ ਬੈਂਕਿੰਗ ਸੇਵਾਵਾਂ ਦੇ ਨਾਲ-ਨਾਲ ਹੋਰ ਕਿਸੇ ਵੀ ਵਿੱਤੀ ਕਾਰੋਬਾਰ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਰਹੀ ਅਤੇ ਤੁਰੰਤ ਪ੍ਰਭਾਵ ਨਾਲ ਸਾਰੀਆਂ ਸਰਗਰਮੀਆਂ ‘ਤੇ ਪਾਬੰਦੀ ਲਾਗੂ ਹੋ ਗਈ ਹੈ।
ਹਾਈ ਕੋਰਟ ਵਿੱਚ ਬੈਂਕ ਬੰਦ ਕਰਨ ਲਈ ਅਰਜ਼ੀ ਦਾਇਰ ਕਰਨ ਦੀ ਤਿਆਰੀ
ਭਾਰਤੀ ਰਿਜ਼ਰਵ ਬੈਂਕ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸੰਸਥਾ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਜਲਦ ਹੀ ਸੰਬੰਧਿਤ ਹਾਈ ਕੋਰਟ ਅੱਗੇ ਅਰਜ਼ੀ ਦਾਇਰ ਕੀਤੀ ਜਾਵੇਗੀ। ਇਹ ਕਦਮ ਬੈਂਕ ਦੇ ਭਵਿੱਖ ਨੂੰ ਲੈ ਕੇ ਆਖਰੀ ਫੈਸਲੇ ਵੱਲ ਇਸ਼ਾਰਾ ਕਰਦਾ ਹੈ, ਜਿਸ ਨਾਲ ਇਸ ਦੀ ਕਾਰਗੁਜ਼ਾਰੀ ਨੂੰ ਸਦਾ ਲਈ ਸਮਾਪਤ ਕੀਤਾ ਜਾ ਸਕਦਾ ਹੈ।

