ਚੰਡੀਗੜ੍ਹ :- ਪੰਜਾਬ ਵਿੱਚ ਜਨਗਣਨਾ 2026 ਦੀਆਂ ਤਿਆਰੀਆਂ ਪੂਰੀਆਂ ਹੋਣ ਉਪਰੰਤ ਪਹਿਲਾ ਚਰਨ 15 ਮਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜੋ 13 ਜੂਨ ਤੱਕ ਜਾਰੀ ਰਹੇਗਾ। ਇਸ ਦੌਰਾਨ ਸਰਕਾਰੀ ਕਰਮਚਾਰੀ ਘਰ-ਘਰ ਜਾ ਕੇ ਮਕਾਨਾਂ ਦੀ ਸੂਚੀ ਬਣਾਉਣ ਅਤੇ ਰਹਾਇਸ਼ੀ ਸੁਵਿਧਾਵਾਂ ਬਾਰੇ ਕਰੀਬ 33 ਸਵਾਲਾਂ ਰਾਹੀਂ ਜਾਣਕਾਰੀ ਇਕੱਠੀ ਕਰਨਗੇ।
30 ਅਪ੍ਰੈਲ ਤੋਂ ਸਵੈ-ਗਣਨਾ ਦੀ ਸਹੂਲਤ
ਲੋਕਾਂ ਨੂੰ ਪਹਿਲਾਂ ਹੀ ਆਪਣਾ ਵੇਰਵਾ ਦਰਜ ਕਰਨ ਦਾ ਮੌਕਾ ਦਿੱਤਾ ਗਿਆ ਹੈ। 30 ਅਪ੍ਰੈਲ ਤੋਂ 14 ਮਈ ਤੱਕ ਆਨਲਾਈਨ ਸਵੈ-ਗਣਨਾ ਰਾਹੀਂ ਨਾਗਰਿਕ ਆਪਣੀ ਜਾਣਕਾਰੀ ਖੁਦ ਭਰ ਸਕਣਗੇ। ਪੂਰੀ ਜਨਗਣਨਾ ਦਾ ਦੂਜਾ ਚਰਨ ਫਰਵਰੀ 2027 ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਹਰੇਕ ਵਿਅਕਤੀ ਬਾਰੇ ਵਿਸਥਾਰਿਕ ਡਾਟਾ ਦਰਜ ਕੀਤਾ ਜਾਵੇਗਾ।
ਡਿਜੀਟਲ ਤਰੀਕੇ ਨਾਲ ਪਹਿਲੀ ਵਾਰ ਹੋਵੇਗੀ ਜਨਗਣਨਾ
ਇਸ ਵਾਰ ਜਨਗਣਨਾ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ। ਮੋਬਾਈਲ ਐਪ ਅਤੇ ਡਿਜੀਟਲ ਮੈਪਿੰਗ ਟੂਲਾਂ ਦੀ ਵਰਤੋਂ ਕਰਕੇ ਡਾਟਾ ਇਕੱਠਾ ਅਤੇ ਪ੍ਰੋਸੈੱਸ ਕੀਤਾ ਜਾਵੇਗਾ, ਜਿਸ ਨਾਲ ਪ੍ਰਕਿਰਿਆ ਨੂੰ ਹੋਰ ਤੇਜ਼ ਅਤੇ ਸਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੱਡੇ ਪੱਧਰ ‘ਤੇ ਕਰਮਚਾਰੀਆਂ ਦੀ ਤਾਇਨਾਤੀ
ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਪੰਜਾਬ ਭਰ ਵਿੱਚ ਲਗਭਗ 65 ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਨੂੰ ਪਹਿਲਾਂ ਹੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਹ ਟੀਮਾਂ ਘਰਾਂ ਦੀ ਬਣਾਵਟ, ਬਿਜਲੀ-ਪਾਣੀ ਦੀ ਸਹੂਲਤ, ਇੰਟਰਨੈੱਟ, ਟੈਲੀਵਿਜ਼ਨ ਅਤੇ ਵਾਹਨਾਂ ਵਰਗੀਆਂ ਜਾਣਕਾਰੀਆਂ ਵੀ ਇਕੱਠੀਆਂ ਕਰਨਗੀਆਂ।
ਡਰੱਗ ਤੇ ਸਮਾਜਿਕ-ਆਰਥਿਕ ਸਰਵੇਖਣ ਵੀ ਜਾਰੀ
ਸਧਾਰਣ ਜਨਗਣਨਾ ਦੇ ਨਾਲ-ਨਾਲ ਸੂਬਾ ਸਰਕਾਰ ਵੱਲੋਂ ਨਸ਼ਿਆਂ ਨਾਲ ਸੰਬੰਧਿਤ ਇਕ ਵਿਸ਼ੇਸ਼ ਸਰਵੇਖਣ ਵੀ ਕੀਤਾ ਜਾ ਰਿਹਾ ਹੈ। ਇਹ ਪਹਿਲ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਦਾ ਮਕਸਦ ਨਸ਼ੇ ਦੀ ਸਮੱਸਿਆ ਬਾਰੇ ਵਿਸਥਾਰਿਕ ਡਾਟਾ ਇਕੱਠਾ ਕਰਨਾ ਅਤੇ ਡਾਟਾ ਅਧਾਰਿਤ ਨੀਤੀਆਂ ਤਿਆਰ ਕਰਨਾ ਹੈ। ਇਸ ਸਰਵੇਖਣ ਵਿੱਚ ਵੀ ਹਜ਼ਾਰਾਂ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਇਹ ਕੰਮ ਤਿੰਨ ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ।

