ਚੰਡੀਗੜ੍ਹ :- ਪੰਜਾਬ ਦੇ ਕਈ ਹਿੱਸਿਆਂ ਲਈ ਅੱਜ ਮੌਸਮ ਵਿਭਾਗ ਵੱਲੋਂ ਤੂਫ਼ਾਨੀ ਹਾਲਾਤਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੁਹਾਲੀ, ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ ਸਮੇਤ ਕਈ ਇਲਾਕਿਆਂ ‘ਚ ਬੱਦਲਾਂ ਦੀ ਗਰਜ, ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਦੇ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਸੂਬੇ ਭਰ ‘ਚ ਬਾਰਿਸ਼ ਦੀ ਭਵਿੱਖਬਾਣੀ
ਅੱਜ ਦੇ ਅਲਰਟ ਦੇ ਨਾਲ ਹੀ ਮੌਸਮ ਵਿਭਾਗ ਨੇ ਸੂਬੇ ਭਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਜਤਾਈ ਹੈ। ਇਸ ਕਾਰਨ ਤਾਪਮਾਨ ‘ਚ ਹਲਕਾ ਘਟਾਅ ਆ ਸਕਦਾ ਹੈ ਅਤੇ ਮੌਸਮ ਸੁਹਾਵਣਾ ਹੋਣ ਦੀ ਉਮੀਦ ਹੈ।
ਅਗਲੇ ਦਿਨਾਂ ਦਾ ਮੌਸਮੀ ਹਾਲ
ਮੌਸਮ ਵਿਭਾਗ ਦੇ ਅਨੁਸਾਰ 1 ਅਪ੍ਰੈਲ ਨੂੰ ਕਿਸੇ ਤਰ੍ਹਾਂ ਦਾ ਖਾਸ ਅਲਰਟ ਨਹੀਂ ਹੋਵੇਗਾ, ਪਰ ਬਾਰਿਸ਼ ਦੇ ਆਸਾਰ ਬਣੇ ਰਹਿਣਗੇ। 2 ਅਪ੍ਰੈਲ ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 3 ਅਪ੍ਰੈਲ ਨੂੰ ਫਿਰ ਤਬਦੀਲੀ ਆ ਸਕਦੀ ਹੈ, ਜਦੋਂ ਕਈ ਇਲਾਕਿਆਂ ‘ਚ ਦੁਬਾਰਾ ਬਿਜਲੀ ਚਮਕਣ, ਗਰਜ-ਤੂਫ਼ਾਨ ਅਤੇ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋ ਸਕਦੀ ਹੈ।
ਤਾਪਮਾਨ ‘ਚ ਹਲਕਾ ਵਾਧਾ ਦਰਜ
ਬੀਤੇ 24 ਘੰਟਿਆਂ ਦੌਰਾਨ ਪੰਜਾਬ ਦੇ ਵੱਧੋ-ਵੱਧ ਤਾਪਮਾਨ ਵਿੱਚ ਕਰੀਬ 1.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਆਮ ਹੱਦਾਂ ਦੇ ਨੇੜੇ ਹੈ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ‘ਚ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੁੱਖ ਸ਼ਹਿਰਾਂ ਦਾ ਤਾਪਮਾਨ
ਚੰਡੀਗੜ੍ਹ ਦਾ ਤਾਪਮਾਨ 31.9 ਡਿਗਰੀ ਦਰਜ ਹੋਇਆ, ਜਦਕਿ ਲੁਧਿਆਣਾ 32.4 ਡਿਗਰੀ ਅਤੇ ਪਟਿਆਲਾ 32.6 ਡਿਗਰੀ ‘ਤੇ ਰਿਹਾ। ਅੰਮ੍ਰਿਤਸਰ 29.9 ਡਿਗਰੀ, ਗੁਰਦਾਸਪੁਰ 29.5 ਡਿਗਰੀ ਅਤੇ ਫਾਜ਼ਿਲਕਾ 30.7 ਡਿਗਰੀ ਦਰਜ ਕੀਤਾ ਗਿਆ। ਹੁਸ਼ਿਆਰਪੁਰ ‘ਚ 28.1 ਡਿਗਰੀ ਅਤੇ ਮੁਹਾਲੀ ‘ਚ 31.9 ਡਿਗਰੀ ਤਾਪਮਾਨ ਰਿਹਾ, ਜੋ ਸੂਬੇ ਦੇ ਮੌਸਮੀ ਰੁਝਾਨ ਨੂੰ ਦਰਸਾਉਂਦਾ ਹੈ।

