ਲੁਧਿਆਣਾ :- ਲੁਧਿਆਣਾ ਨੇੜੇ ਹਲਵਾਰਾ ਹਵਾਈ ਅੱਡੇ ਤੋਂ ਨਿਯਮਤ ਹਵਾਈ ਸੇਵਾਵਾਂ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਲੋਕਾਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਜਾਣਕਾਰੀ ਮੁਤਾਬਕ ਏਅਰ ਇੰਡੀਆ ਵੱਲੋਂ ਹਲਵਾਰਾ ਤੋਂ ਦਿੱਲੀ ਲਈ ਅਜੇ ਤੱਕ ਉਡਾਣਾਂ ਦਾ ਕੋਈ ਅਧਿਕਾਰਕ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ। ਇਸ ਕਾਰਨ ਮਾਰਚ ਮਹੀਨੇ ਦੌਰਾਨ ਹਲਵਾਰਾ ਤੋਂ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਲਗਭਗ ਖਤਮ ਹੋ ਗਈ ਹੈ। ਹਾਲਾਂਕਿ ਏਅਰ ਇੰਡੀਆ ਨੇ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਵਿੱਚ ਦਫਤਰ ਲਈ ਇੱਕ ਕਮਰਾ ਹਾਸਲ ਕਰ ਲਿਆ ਹੈ, ਪਰ ਅਜੇ ਤੱਕ ਉੱਥੇ ਪੂਰੀ ਤਰ੍ਹਾਂ ਦਫਤਰ ਕਾਇਮ ਨਹੀਂ ਕੀਤਾ ਗਿਆ।
ਟੈਸਟ ਉਡਾਣਾਂ ਤੋਂ ਬਾਅਦ ਹੀ ਮਿਲੇਗੀ ਮਨਜ਼ੂਰੀ
ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਮੁਤਾਬਕ ਨਿਯਮਤ ਸੇਵਾਵਾਂ ਸ਼ੁਰੂ ਕਰਨ ਤੋਂ ਪਹਿਲਾਂ ਟੈਸਟ ਉਡਾਣਾਂ ਕਰਨਾ ਲਾਜ਼ਮੀ ਹੁੰਦਾ ਹੈ। ਪਰ ਏਅਰ ਇੰਡੀਆ ਵੱਲੋਂ ਅਜੇ ਤੱਕ ਟੈਸਟ ਫਲਾਈਟਾਂ ਦਾ ਸ਼ਡਿਊਲ ਏਅਰਪੋਰਟ ਅਥਾਰਟੀ ਨੂੰ ਨਹੀਂ ਭੇਜਿਆ ਗਿਆ। ਇਸ ਕਰਕੇ ਅਗਲੇ ਕਦਮਾਂ ‘ਤੇ ਫੈਸਲਾ ਨਹੀਂ ਹੋ ਸਕਿਆ। ਅਧਿਕਾਰੀਆਂ ਇਹ ਵੀ ਦੱਸਦੇ ਹਨ ਕਿ ਏਏਆਈ ਨੇ ਅਜੇ ਆਪਣਾ ਦਫਤਰ ਸਾਹਨੇਵਾਲ ਹਵਾਈ ਅੱਡੇ ਤੋਂ ਹਲਵਾਰਾ ਨਹੀਂ ਤਬਦੀਲ ਕੀਤਾ ਕਿਉਂਕਿ ਉਡਾਣਾਂ ਦੀ ਪੱਕੀ ਸਮਾਂਸੂਚੀ ਜਾਰੀ ਹੋਣ ਤੋਂ ਪਹਿਲਾਂ ਇਹ ਤਬਦੀਲੀ ਕਰਨਾ ਸੰਭਵ ਨਹੀਂ।
ਸਾਹਨੇਵਾਲ ‘ਤੇ ਅਜੇ ਵੀ ਚਾਰਟਰ ਉਡਾਣਾਂ ਉਤਰਦੀਆਂ
ਇਸ ਵੇਲੇ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਤੋਂ ਕੋਈ ਵੀ ਨਿਯਮਤ ਵਪਾਰਕ ਉਡਾਣ ਨਹੀਂ ਚੱਲ ਰਹੀ, ਪਰ ਕਈ ਵਾਰ ਨਿੱਜੀ ਚਾਰਟਰ ਉਡਾਣਾਂ ਉੱਥੇ ਉਤਰਦੀਆਂ ਰਹਿੰਦੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਹਲਵਾਰਾ ਹਵਾਈ ਅੱਡਾ ਪੂਰੀ ਤਰ੍ਹਾਂ ਚਾਲੂ ਹੋ ਜਾਵੇਗਾ ਤਾਂ ਇਹ ਚਾਰਟਰ ਉਡਾਣਾਂ ਵੀ ਉੱਥੇ ਹੀ ਉਤਰਨਗੀਆਂ।
ਰਾਜ ਸਭਾ ਵਿੱਚ ਵੀ ਉਠਿਆ ਮਾਮਲਾ
ਪੰਜਾਬ ਤੋਂ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਦਾ ਮਸਲਾ ਸੰਸਦ ਵਿੱਚ ਉਠਾਇਆ ਸੀ ਅਤੇ ਕੇਂਦਰ ਸਰਕਾਰ ਤੋਂ ਪੁੱਛਿਆ ਸੀ ਕਿ ਇਹ ਸੇਵਾਵਾਂ ਕਦੋਂ ਤੱਕ ਸ਼ੁਰੂ ਹੋਣਗੀਆਂ। ਇਸ ਦੇ ਜਵਾਬ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਕਿਹਾ ਕਿ ਹਲਵਾਰਾ ਤੋਂ ਉਡਾਣਾਂ ਜਲਦੀ ਸ਼ੁਰੂ ਕਰਨ ਲਈ ਕਾਰਵਾਈ ਜਾਰੀ ਹੈ।
ਸ਼ੁਰੂਆਤ ‘ਚ ਦਿੱਲੀ ਲਈ ਹੋਣਗੀਆਂ ਚਾਰ ਉਡਾਣਾਂ
ਯੋਜਨਾ ਅਨੁਸਾਰ ਹਲਵਾਰਾ ਤੋਂ ਸ਼ੁਰੂਆਤੀ ਦੌਰ ਵਿੱਚ ਲੁਧਿਆਣਾ-ਦਿੱਲੀ ਦਰਮਿਆਨ ਰੋਜ਼ਾਨਾ ਦੋ ਉਡਾਣਾਂ ਅਤੇ ਦਿੱਲੀ ਤੋਂ ਲੁਧਿਆਣਾ ਲਈ ਦੋ ਉਡਾਣਾਂ ਚਲਾਈਆਂ ਜਾਣਗੀਆਂ। ਇਸ ਤੋਂ ਬਾਅਦ ਹੋਰ ਰਾਜਾਂ ਲਈ ਵੀ ਹਵਾਈ ਸੇਵਾਵਾਂ ਦਾ ਵਿਸਥਾਰ ਕੀਤਾ ਜਾਵੇਗਾ। ਹਾਲਾਂਕਿ ਅੰਤਰਰਾਸ਼ਟਰੀ ਉਡਾਣਾਂ ਲਈ ਅਜੇ ਹੋਰ ਸਮਾਂ ਲੱਗ ਸਕਦਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਸੇਵਾਵਾਂ ਸ਼ੁਰੂ ਹੋਣ ਵਿੱਚ ਲਗਭਗ ਦੋ ਸਾਲ ਲੱਗ ਸਕਦੇ ਹਨ।

