ਨਵੀਂ ਦਿੱਲੀ :- ਮੱਧ ਪੂਰਬ ਵਿੱਚ ਈਰਾਨ ਨਾਲ ਜਾਰੀ ਤਣਾਅ ਅਤੇ ਲੜਾਈ ਦੇ ਫੈਲਦੇ ਹਾਲਾਤਾਂ ਨੇ ਵਿਸ਼ਵ ਪੱਧਰ ’ਤੇ ਆਰਥਿਕ ਅਸਥਿਰਤਾ ਪੈਦਾ ਕਰ ਦਿੱਤੀ ਹੈ। ਇਸ ਸਥਿਤੀ ਦਾ ਸਿੱਧਾ ਪ੍ਰਭਾਵ ਅੰਤਰਰਾਸ਼ਟਰੀ ਤੇਲ ਬਾਜ਼ਾਰ ’ਤੇ ਪਿਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਕੁਝ ਸਮੇਂ ਲਈ 114 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ। ਇਹ ਦਰ ਪਿਛਲੇ ਕਈ ਸਾਲਾਂ ਵਿੱਚ ਸਭ ਤੋਂ ਉੱਚੀਆਂ ਕੀਮਤਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।
ਬ੍ਰੈਂਟ ਕੱਚੇ ਤੇਲ ਵਿੱਚ 23 ਫ਼ੀਸਦੀ ਤੱਕ ਦਾ ਵਾਧਾ
ਅੰਤਰਰਾਸ਼ਟਰੀ ਮਾਰਕੀਟ ਵਿੱਚ ਬ੍ਰੈਂਟ ਕੱਚੇ ਤੇਲ ਦੀ ਕੀਮਤ ਵਿੱਚ ਇੱਕਦਮ ਵੱਡਾ ਉਛਾਲ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਇਹ ਦਰ ਲਗਭਗ 92.69 ਡਾਲਰ ਪ੍ਰਤੀ ਬੈਰਲ ਸੀ, ਪਰ ਜੰਗੀ ਤਣਾਅ ਦੇ ਤੇਜ਼ ਹੋਣ ਨਾਲ ਇਹ ਵੱਧ ਕੇ 114 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ। ਮਾਹਿਰਾਂ ਦੇ ਮੁਤਾਬਕ ਇਹ ਕਰੀਬ 23 ਫ਼ੀਸਦੀ ਦਾ ਵਾਧਾ ਹੈ, ਜਿਸ ਨੇ ਵਿਸ਼ਵ ਊਰਜਾ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਫਾਰਸ ਦੀ ਖਾੜੀ ਖੇਤਰ ’ਚ ਉਤਪਾਦਨ ਅਤੇ ਸਪਲਾਈ ਪ੍ਰਭਾਵਿਤ
ਮੱਧ ਪੂਰਬ ਦੇ ਕਈ ਅਹਿਮ ਖੇਤਰ, ਖ਼ਾਸ ਕਰਕੇ ਫਾਰਸ ਦੀ ਖਾੜੀ, ਵਿਸ਼ਵ ਪੱਧਰ ’ਤੇ ਤੇਲ ਅਤੇ ਗੈਸ ਦੀ ਸਪਲਾਈ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਮੌਜੂਦਾ ਸੰਘਰਸ਼ ਕਾਰਨ ਇਥੇ ਉਤਪਾਦਨ ਅਤੇ ਆਵਾਜਾਈ ਪ੍ਰਣਾਲੀ ’ਤੇ ਅਸਰ ਪਿਆ ਹੈ, ਜਿਸ ਨਾਲ ਸਪਲਾਈ ਚੇਨ ਵਿੱਚ ਅਸਥਿਰਤਾ ਵਧੀ ਹੈ ਅਤੇ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਅਮਰੀਕਾ ਲਈ ਵੱਡੀ ਚੁਣੌਤੀ, ਭਾਰਤ ’ਤੇ ਵੀ ਪੈ ਸਕਦਾ ਹੈ ਅਸਰ
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਇਸ ਅਚਾਨਕ ਵਾਧੇ ਨੇ ਅਮਰੀਕਾ ਲਈ ਵੀ ਚਿੰਤਾਜਨਕ ਸਥਿਤੀ ਪੈਦਾ ਕਰ ਦਿੱਤੀ ਹੈ, ਕਿਉਂਕਿ ਉੱਥੇ ਰਾਸ਼ਟਰੀ ਤੇਲ ਭੰਡਾਰ ਪਹਿਲਾਂ ਹੀ ਘਟਦੇ ਜਾ ਰਹੇ ਹਨ। ਦੂਜੇ ਪਾਸੇ, ਈਰਾਨ ਵੱਲੋਂ ਯੂ.ਏ.ਈ ਦੇ ਫੁਜੈਰਾਹ ਖੇਤਰ ਅਤੇ ਤੇਹਰਾਨ ਦੇ ਸ਼ਾਹਰਾਨ ਤੇਲ ਡਿਪੂ ’ਤੇ ਹਮਲਿਆਂ ਦੀਆਂ ਖ਼ਬਰਾਂ ਨਾਲ ਤੇਲ ਸਪਲਾਈ ਪ੍ਰਣਾਲੀ ਹੋਰ ਵੀ ਅਸਥਿਰ ਹੋ ਗਈ ਹੈ। ਇਸ ਦੇ ਪ੍ਰਭਾਵ ਭਾਰਤ ਵਰਗੇ ਤੇਲ ਆਯਾਤ ਕਰਨ ਵਾਲੇ ਦੇਸ਼ਾਂ ’ਚ ਵੀ ਜਲਦ ਮਹਿਸੂਸ ਹੋ ਸਕਦੇ ਹਨ, ਜਿਸ ਨਾਲ ਭਵਿੱਖ ਵਿੱਚ ਇੰਧਨ ਦੀਆਂ ਕੀਮਤਾਂ ਵੱਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

