ਨਵੀਂ ਦਿੱਲੀ :- ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਨੇ ਹੁਣ ਹੋਰ ਭਿਆਨਕ ਰੂਪ ਧਾਰ ਲਿਆ ਹੈ। ਰਿਆਧ ਵਿੱਚ ਸਥਿਤ ਅਮਰੀਕੀ ਦੂਤਾਵਾਸ ‘ਤੇ ਦੋ ਡਰੋਨਾਂ ਨਾਲ ਕੀਤੇ ਗਏ ਹਮਲੇ ਨੇ ਹਾਲਾਤ ਨਾਜ਼ੁਕ ਬਣਾ ਦਿੱਤੇ ਹਨ। ਹਮਲੇ ਤੋਂ ਬਾਅਦ ਦੂਤਾਵਾਸ ਪਰਿਸਰ ਵਿੱਚ ਭਾਰੀ ਅੱਗ ਲੱਗ ਗਈ ਅਤੇ ਅਸਮਾਨ ‘ਚ ਕਾਲੇ ਧੂੰਏਂ ਦੇ ਗੁਬਾਰ ਛਾ ਗਏ। ਇਸ ਘਟਨਾ ਨੇ ਅਮਰੀਕਾ ਨੂੰ ਕੜਾ ਸੰਦੇਸ਼ ਦੇਣ ਲਈ ਮਜਬੂਰ ਕਰ ਦਿੱਤਾ ਹੈ।
ਟਰੰਪ ਦੀ ਖੁੱਲ੍ਹੀ ਧਮਕੀ, “ਅੰਜਾਮ ਜਲਦੀ ਸਾਹਮਣੇ ਆਵੇਗਾ”
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਲੇ ਤੋਂ ਬਾਅਦ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਈਰਾਨ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਕਾਰਵਾਈ ਦਾ ਨਤੀਜਾ ਜਲਦੀ ਹੀ ਵੇਖਣ ਨੂੰ ਮਿਲੇਗਾ। ਵਾਸ਼ਿੰਗਟਨ ਵੱਲੋਂ ਇਹ ਸੰਕੇਤ ਵੀ ਮਿਲ ਰਹੇ ਹਨ ਕਿ ਜਵਾਬੀ ਕਾਰਵਾਈ ਲਈ ਫੌਜੀ ਵਿਕਲਪ ਖੁੱਲ੍ਹੇ ਰੱਖੇ ਗਏ ਹਨ।
ਖਾਮੇਨੇਈ ਦੀ ਮੌਤ ਦੀ ਖ਼ਬਰ ਨਾਲ ਤਣਾਅ ਹੋਰ ਵਧਿਆ
ਸੂਤਰਾਂ ਅਨੁਸਾਰ, ਹਾਲੀਆ ਹਮਲਿਆਂ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਹੋ ਗਈ ਹੈ। ਇਸ ਨਾਲ ਇਲਾਕੇ ਵਿੱਚ ਅਸਥਿਰਤਾ ਹੋਰ ਗਹਿਰੀ ਹੋ ਗਈ ਹੈ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਪਤਨੀ ਦੀ ਵੀ ਇਲਾਜ ਦੌਰਾਨ ਮੌਤ ਹੋਈ। ਇਸ ਖ਼ਬਰ ਤੋਂ ਬਾਅਦ ਮੱਧ ਪੂਰਬ ਦੇ ਕਈ ਦੇਸ਼ਾਂ ਵਿੱਚ ਹਿੰਸਾ ਅਤੇ ਟਕਰਾਅ ਦੀਆਂ ਘਟਨਾਵਾਂ ਤੇਜ਼ ਹੋ ਗਈਆਂ ਹਨ।
‘ਆਪ੍ਰੇਸ਼ਨ ਐਪਿਕ ਫਿਊਰੀ’ ਦੀ ਸ਼ੁਰੂਆਤ, ਸਮੁੰਦਰੀ ਮੋਰਚੇ ‘ਤੇ ਕਾਰਵਾਈ
ਅਮਰੀਕਾ ਨੇ ਆਪਣੇ ਸਾਥੀ ਦੇਸ਼ਾਂ ਨਾਲ ਮਿਲ ਕੇ ‘ਆਪ੍ਰੇਸ਼ਨ ਐਪਿਕ ਫਿਊਰੀ’ ਦੀ ਘੋਸ਼ਣਾ ਕੀਤੀ ਹੈ, ਜਿਸਨੂੰ ਵੱਡੇ ਪੱਧਰ ਦੀ ਫੌਜੀ ਮੁਹਿੰਮ ਕਰਾਰ ਦਿੱਤਾ ਜਾ ਰਿਹਾ ਹੈ। ਅਮਰੀਕੀ ਫੌਜ ਦਾ ਕਹਿਣਾ ਹੈ ਕਿ ਓਮਾਨ ਦੀ ਖਾੜੀ ਵਿੱਚ ਈਰਾਨ ਦੇ 11 ਜਹਾਜ਼ ਤਬਾਹ ਕਰ ਦਿੱਤੇ ਗਏ ਹਨ। ਇਸ ਕਾਰਵਾਈ ਨਾਲ ਸਮੁੰਦਰੀ ਇਲਾਕੇ ਵਿੱਚ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ ਅਤੇ ਅੰਤਰਰਾਸ਼ਟਰੀ ਵਪਾਰਕ ਜਹਾਜ਼ਰਾਨੀ ਪ੍ਰਭਾਵਿਤ ਹੋ ਸਕਦੀ ਹੈ।
ਤੇਲ ਟੈਂਕਰ ‘ਤੇ ਹਮਲਾ, ਭਾਰਤੀ ਨਾਗਰਿਕ ਦੀ ਮੌਤ
ਸੰਘਰਸ਼ ਦੌਰਾਨ ਓਮਾਨ ਦੇ ਤੱਟ ਨੇੜੇ ਇਕ ਤੇਲ ਟੈਂਕਰ ‘ਤੇ ਵਿਸਫੋਟਕਾਂ ਨਾਲ ਭਰੀ ਕਿਸ਼ਤੀ ਰਾਹੀਂ ਹਮਲਾ ਕੀਤਾ ਗਿਆ। ਇਸ ਘਟਨਾ ਵਿੱਚ ਇੱਕ ਭਾਰਤੀ ਮੂਲ ਦੇ ਕਰੂ ਮੈਂਬਰ ਦੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਭਾਰਤ ਸਰਕਾਰ ਵੀ ਸਚੇਤ ਹੋ ਗਈ ਹੈ।
ਮੋਦੀ ਦੀ ਪਹਲ, ਖਾੜੀ ਦੇਸ਼ਾਂ ਨਾਲ ਸੰਪਰਕ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੌਰਡਨ, ਸਾਊਦੀ ਅਰਬ ਅਤੇ ਬਹਿਰੀਨ ਦੇ ਨੇਤਾਵਾਂ ਨਾਲ ਗੱਲਬਾਤ ਕਰਕੇ ਉੱਥੇ ਰਹਿੰਦੇ ਭਾਰਤੀ ਭਾਈਚਾਰੇ ਦੀ ਸੁਰੱਖਿਆ ‘ਤੇ ਚਰਚਾ ਕੀਤੀ ਹੈ। ਵਿਦੇਸ਼ ਮੰਤਰਾਲਾ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹੈ।
ਹਵਾਈ ਸੇਵਾਵਾਂ ਪ੍ਰਭਾਵਿਤ, ਉਡਾਣਾਂ ਮੁਅੱਤਲ
ਜੰਗੀ ਹਾਲਾਤਾਂ ਕਾਰਨ ਖਾੜੀ ਖੇਤਰ ਦਾ ਹਵਾਈ ਮਾਹੌਲ ਵੀ ਪ੍ਰਭਾਵਿਤ ਹੋਇਆ ਹੈ। ਅਕਾਸਾ ਏਅਰ ਅਤੇ ਇੰਡੀਗੋ ਸਮੇਤ ਕਈ ਭਾਰਤੀ ਹਵਾਈ ਕੰਪਨੀਆਂ ਨੇ 7 ਮਾਰਚ ਤੱਕ ਦੁਬਈ, ਦੋਹਾ, ਜੇਦਾਹ ਅਤੇ ਰਿਆਧ ਲਈ ਉਡਾਣਾਂ ਅਸਥਾਈ ਤੌਰ ‘ਤੇ ਰੋਕ ਦਿੱਤੀਆਂ ਹਨ। ਯਾਤਰੀਆਂ ਨੂੰ ਬਦਲਵੀਂ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਮੌਜੂਦਾ ਹਾਲਾਤਾਂ ਨੇ ਪੂਰੇ ਖੇਤਰ ਨੂੰ ਖੌਫ ਦੇ ਦੌਰ ਵਿੱਚ ਧੱਕ ਦਿੱਤਾ ਹੈ ਅਤੇ ਦੁਨੀਆ ਦੀ ਨਿਗਾਹ ਹੁਣ ਅਗਲੇ ਕਦਮਾਂ ‘ਤੇ ਟਿਕੀ ਹੋਈ ਹੈ।

