ਨਵੀਂ ਦਿੱਲੀ :- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁਕਤ ਵਪਾਰ ਸਮਝੌਤਾ (ਐੱਫ.ਟੀ.ਏ.) ਅੱਜ ਵਿਜੇਦਸ਼ਮੀ ਮੌਕੇ ਲਾਗੂ ਹੋ ਗਿਆ ਹੈ। ਇਸ ਨਾਲ ਭਾਰਤੀ ਉਤਪਾਦਾਂ ਨੂੰ ਨਿਊਜ਼ੀਲੈਂਡ ਦੇ ਬਾਜ਼ਾਰ ਵਿੱਚ ਬਿਨਾਂ ਕਸਟਮ ਡਿਊਟੀ ਦੇ ਪਹੁੰਚ ਮਿਲੇਗੀ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਨਿਊਜ਼ੀਲੈਂਡ ਦੇ ਵਪਾਰ ਤੇ ਨਿਵੇਸ਼ ਮੰਤਰੀ ਟੌਡ ਮੈਕਲੇ ਨੇ ਵਰਚੁਅਲ ਕਾਨਫਰੰਸ ਰਾਹੀਂ ਇਸ ਦਾ ਐਲਾਨ ਕੀਤਾ।
ਭਾਰਤੀ ਨਿਰਯਾਤਕਾਂ ਨੂੰ ਮਿਲੇਗਾ ਲਾਭ
ਸਮਝੌਤੇ ਨਾਲ ਕੱਪੜਾ, ਚਮੜਾ, ਜੁੱਤੀਆਂ, ਰਤਨ ਤੇ ਗਹਿਣੇ, ਇੰਜੀਨੀਅਰਿੰਗ ਉਤਪਾਦ, ਦਵਾਈਆਂ ਅਤੇ ਪ੍ਰੋਸੈਸਡ ਖੁਰਾਕੀ ਵਸਤਾਂ ਦੇ ਨਿਰਯਾਤ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਪੀਯੂਸ਼ ਗੋਇਲ ਨੇ ਕਿਹਾ ਕਿ ਇਸ ਨਾਲ ਛੋਟੇ ਤੇ ਦਰਮਿਆਨੇ ਉਦਯੋਗਾਂ, ਕਾਰੀਗਰਾਂ, ਕਿਸਾਨਾਂ ਅਤੇ ਮਹਿਲਾ ਉੱਦਮੀਆਂ ਲਈ ਨਵੇਂ ਮੌਕੇ ਪੈਦਾ ਹੋਣਗੇ। ਸਮਝੌਤੇ ਦੇ ਲਾਗੂ ਹੋਣ ਮੌਕੇ ਭਾਰਤ ਤੋਂ ਨਿਊਜ਼ੀਲੈਂਡ ਲਈ ਪਹਿਲੀ ਜੇ.ਸੀ.ਬੀ. ਮਸ਼ੀਨ ਦੇ ਨਿਰਯਾਤ ਨੂੰ ਵੀ ਹਰੀ ਝੰਡੀ ਦਿੱਤੀ ਗਈ।
ਭਾਰਤ ਵਿੱਚ 20 ਅਰਬ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ
ਨਿਊਜ਼ੀਲੈਂਡ ਨੇ ਭਾਰਤ ਵਿੱਚ 20 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਸੁਖਾਲਾ ਬਣਾਉਣ ਦੀ ਵਚਨਬੱਧਤਾ ਜਤਾਈ ਹੈ। ਇਸ ਨਾਲ ਉਦਯੋਗਾਂ ਅਤੇ ਕਾਰੋਬਾਰਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਦੋਵਾਂ ਦੇਸ਼ਾਂ ਨੇ 2030 ਤੱਕ ਦੁਵੱਲੇ ਵਪਾਰ ਨੂੰ ਵਧਾ ਕੇ 7 ਅਰਬ ਨਿਊਜ਼ੀਲੈਂਡ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ।
ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ
ਸਮਝੌਤੇ ਤਹਿਤ ਭਾਰਤੀ ਨੌਜਵਾਨਾਂ ਲਈ ਨਿਊਜ਼ੀਲੈਂਡ ਵਿੱਚ ਕੰਮ ਕਰਨ ਅਤੇ ਪੜ੍ਹਾਈ ਤੋਂ ਬਾਅਦ ਰੁਜ਼ਗਾਰ ਹਾਸਲ ਕਰਨ ਦੇ ਮੌਕੇ ਵੀ ਵਧਣਗੇ। ਹਾਲਾਂਕਿ, ਭਾਰਤੀ ਕਿਸਾਨਾਂ ਅਤੇ ਡੇਅਰੀ ਖੇਤਰ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਦੁੱਧ ਉਤਪਾਦਾਂ, ਖੰਡ ਅਤੇ ਕਈ ਸੰਵੇਦਨਸ਼ੀਲ ਖੇਤੀਬਾੜੀ ਵਸਤਾਂ ਨੂੰ ਟੈਰਿਫ ਰਿਆਇਤਾਂ ਤੋਂ ਬਾਹਰ ਰੱਖਿਆ ਗਿਆ ਹੈ।