ਲੁਧਿਆਣਾ :- ਲੁਧਿਆਣਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਕਰੀਬੀ ਸਾਥੀ ਹਰਵਿੰਦਰ ਸਿੰਘ ਨੂੰ 10 ਕਰੋੜ ਰੁਪਏ ਦੀ ਫ਼ਿਰੌਤੀ ਲਈ ਧਮਕੀ ਭਰਿਆ ਫ਼ੋਨ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਦੱਸਦਿਆਂ ਹੈਰੀ ਬਾਕਸਰ ਦੇ ਨਾਂ ‘ਤੇ ਪਹਿਚਾਣ ਕਰਵਾਈ।
ਧਮਕੀ ਦੇਣ ਵਾਲੇ ਨੇ ਕਿਹਾ ਕਿ ਜੇਕਰ ਮੰਗੀ ਗਈ ਰਕਮ ਅਦਾ ਨਾ ਕੀਤੀ ਗਈ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ ਅਤੇ ਜਾਨੋਂ ਮਾਰਨ ਤੱਕ ਦੀ ਚੇਤਾਵਨੀ ਵੀ ਦਿੱਤੀ ਗਈ।
ਇਕ ਤੋਂ ਬਾਅਦ ਇਕ ਆਏ ਮੈਸੇਜ ਅਤੇ ਕਾਲਾਂ
ਸੂਤਰਾਂ ਅਨੁਸਾਰ ਹਰਵਿੰਦਰ ਸਿੰਘ, ਜੋ ਲੁਧਿਆਣਾ ਦਾ ਵਸਨੀਕ ਹੈ, ਨੂੰ ਲਗਾਤਾਰ ਵਟਸਐਪ ਕਾਲਾਂ ਅਤੇ ਸੁਨੇਹੇ ਪ੍ਰਾਪਤ ਹੋਏ। ਧਮਕੀਭਰੇ ਮੈਸੇਜਾਂ ਵਿੱਚ 10 ਕਰੋੜ ਰੁਪਏ ਦੀ ਮੰਗ ਕਰਦਿਆਂ ਕਿਹਾ ਗਿਆ ਕਿ ਰਕਮ ਨਾ ਦੇਣ ਦੀ ਸੂਰਤ ਵਿੱਚ ਗੋਲੀਆਂ ਤੋਂ ਬਚਣਾ ਮੁਸ਼ਕਲ ਹੋਵੇਗਾ।
ਥਾਣਾ ਸਰਾਭਾ ਨਗਰ ਵਿੱਚ ਕੇਸ ਦਰਜ
ਮਾਮਲੇ ਦੀ ਸ਼ਿਕਾਇਤ ਮਿਲਣ ‘ਤੇ ਲੁਧਿਆਣਾ ਪੁਲਿਸ ਨੇ ਥਾਣਾ ਸਰਾਭਾ ਨਗਰ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਹੈ। ਹਾਲਾਂਕਿ ਸ਼ੁਰੂਆਤੀ ਪੜਾਅ ਵਿੱਚ ਮਾਮਲੇ ਨੂੰ ਗੁਪਤ ਰੱਖਿਆ ਗਿਆ ਸੀ ਅਤੇ ਮੀਡੀਆ ਵਿੱਚ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਉਣ ਦਿੱਤੀ ਗਈ। ਪੁਲਿਸ ਨੇ ਹੁਣ ਜਾਂਚ ਨੂੰ ਤੇਜ਼ ਕਰਦਿਆਂ ਇੰਟਰਨੈਸ਼ਨਲ ਨੰਬਰਾਂ ਦੀ ਟ੍ਰੇਸਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਸਾਈਬਰ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ।
ਪਹਿਲਾਂ ਵੀ ਹੋ ਚੁੱਕਾ ਹੈ ਜਾਨਲੇਵਾ ਹਮਲਾ
ਗੌਰਤਲਬ ਹੈ ਕਿ ਪਰਮਿਸ਼ ਵਰਮਾ ‘ਤੇ ਪਹਿਲਾਂ ਵੀ ਹਮਲਾ ਹੋ ਚੁੱਕਿਆ ਹੈ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਮਾਮਲੇ ਹਮੇਸ਼ਾਂ ਸੰਵੇਦਨਸ਼ੀਲ ਰਹੇ ਹਨ। ਇਸ ਤਾਜ਼ਾ ਧਮਕੀ ਨੇ ਫਿਰ ਇੱਕ ਵਾਰ ਪੰਜਾਬ ਵਿੱਚ ਗੈਂਗਸਟਰ ਗਤੀਵਿਧੀਆਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
ਸੱਚਾਈ ਦੀ ਜਾਂਚ ਵਿੱਚ ਜੁਟੀ ਪੁਲਿਸ
ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਧਮਕੀ ਦੇਣ ਵਾਲਾ ਵਾਕਈ ਕਿਸੇ ਗੈਂਗ ਨਾਲ ਸੰਬੰਧਿਤ ਹੈ ਜਾਂ ਕਿਸੇ ਸ਼ਰਾਰਤੀ ਤੱਤ ਨੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਕਰਕੇ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

