ਅੰਮ੍ਰਿਤਸਰ :- ਬਠਿੰਡਾ ਜ਼ਿਲ੍ਹੇ ਦੇ ਪਿੰਡ ਭੋਖੜਾ ਵਿਖੇ ਅਧਿਆਪਕ ਯੋਗਤਾ ਪ੍ਰੀਖਿਆ ਦੌਰਾਨ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ ਜਾਣ ਦੀ ਘਟਨਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰਤਾ ਨਾਲ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਦੱਸਦਿਆਂ ਤੁਰੰਤ ਪੜ੍ਹਤਾਲ ਦੇ ਨਿਰਦੇਸ਼ ਜਾਰੀ ਕੀਤੇ ਹਨ।
ਪੰਜਾਬ ਵਿੱਚ ਅਜਿਹੀਆਂ ਹਰਕਤਾਂ ਮੰਦਭਾਗੀਆਂ : ਧਾਮੀ
ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਸਿੱਖ ਬਹੁਗਿਣਤੀ ਵਾਲਾ ਸੂਬਾ ਹੈ ਅਤੇ ਹਰ ਕਿਸੇ ਨੂੰ ਇਹ ਭਲੀਭਾਂਤ ਪਤਾ ਹੈ ਕਿ ਕੜਾ ਸਿੱਖ ਧਰਮ ਦਾ ਅਟੁੱਟ ਅੰਗ ਹੈ। ਇਸ ਦੇ ਬਾਵਜੂਦ ਪ੍ਰੀਖਿਆ ਕੇਂਦਰ ’ਤੇ ਸਿੱਖ ਵਿਦਿਆਰਥੀਆਂ ਨੂੰ ਕੜੇ ਉਤਾਰਨ ਲਈ ਮਜਬੂਰ ਕਰਨਾ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਹੈ। ਉਨ੍ਹਾਂ ਸਵਾਲ ਉਠਾਇਆ ਕਿ ਗੁਰੂਆਂ ਦੀ ਧਰਤੀ ’ਤੇ ਅਜਿਹੀਆਂ ਘਟਨਾਵਾਂ ਕਿਸ ਦੇ ਇਸ਼ਾਰੇ ’ਤੇ ਵਾਪਰ ਰਹੀਆਂ ਹਨ ਅਤੇ ਕੀ ਸਰਕਾਰ ਵੱਲੋਂ ਇਸ ਨੂੰ ਮੂਕ ਪ੍ਰਵਾਨਗੀ ਮਿਲ ਰਹੀ ਹੈ।
ਜਾਂਚ ਕਮੇਟੀ ਗਠਿਤ, ਰਿਪੋਰਟ ਮਗਰੋਂ ਬਣੇਗੀ ਕਾਰਵਾਈ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਵੇਗੀ। ਫਿਲਹਾਲ ਪੜ੍ਹਤਾਲ ਲਈ ਗੁਰਦੁਆਰਾ ਸ੍ਰੀ ਹਾਜੀਰਤਨ ਸਾਹਿਬ ਬਠਿੰਡਾ ਦੇ ਮੈਨੇਜਰ ਸ. ਦਰਸ਼ਨ ਸਿੰਘ, ਸਬ-ਆਫ਼ਿਸ ਤਲਵੰਡੀ ਸਾਬੋ ਦੇ ਇੰਚਾਰਜ ਭੋਲਾ ਸਿੰਘ ਅਤੇ ਪ੍ਰਚਾਰਕ ਸਿੰਘਾਂ ਦੀ ਡਿਊਟੀ ਲਗਾਈ ਗਈ ਹੈ। ਜਾਂਚ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ।
ਸਿੱਖ ਸਮਾਜ ਨੂੰ ਸਚੇਤ ਰਹਿਣ ਦੀ ਅਪੀਲ
ਐਡਵੋਕੇਟ ਧਾਮੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੀਆਂ ਸਿੱਖ ਵਿਰੋਧੀ ਹਰਕਤਾਂ ਦਾ ਮੌਕੇ ’ਤੇ ਹੀ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਹਰ ਸਿੱਖ ਦਾ ਫ਼ਰਜ਼ ਹੈ ਕਿ ਉਹ ਆਪਣੀ ਕੌਮੀ ਪਹਿਚਾਣ ਅਤੇ ਧਾਰਮਿਕ ਅਸਥਾਵਾਂ ਦੀ ਰੱਖਿਆ ਲਈ ਆਵਾਜ਼ ਉਠਾਏ, ਨਹੀਂ ਤਾਂ ਅਜਿਹੇ ਅਨਸਰਾਂ ਦੇ ਹੌਂਸਲੇ ਹੋਰ ਵਧ ਸਕਦੇ ਹਨ।

