ਜਲੰਧਰ :– ਜਲੰਧਰ ਸ਼ਹਿਰ ਦੇ ਪਾਸ਼ ਇਲਾਕੇ ਅਰਬਨ ਅਸਟੇਟ ਫੇਜ਼-2 ਵਿੱਚ ਦਿਨ-ਦਿਹਾੜੇ ਲੁੱਟ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਐੱਚ.ਡੀ.ਐੱਫ਼.ਸੀ. ਬੈਂਕ ਦੇ ਬਾਹਰ ਕਾਰ ਵਿੱਚ ਸਵਾਰ ਪਤੀ-ਪਤਨੀ ਕੋਲੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਲੱਖਾਂ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ। ਇਸ ਵਾਕਏ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ।
ਕਾਰ ਪਾਰਕ ਕਰਦੇ ਸਮੇਂ ਲੁਟੇਰਿਆਂ ਨੇ ਮਾਰਿਆ ਝਪਟਾ
ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਨਕਦੀ ਵਾਲਾ ਬੈਗ ਫੜ ਕੇ ਕਾਰ ਪਾਰਕ ਕਰ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਨੇ ਅਚਾਨਕ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਔਰਤ ਦੇ ਹੱਥਾਂ ‘ਤੇ ਤਿੱਖੀ ਚੀਜ਼ ਨਾਲ ਵਾਰ ਕਰਕੇ ਬੈਗ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਬੈਂਕ ਤੋਂ ਕੱਢੀ ਗਈ ਸੀ 17.10 ਲੱਖ ਦੀ ਨਕਦੀ
ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦੀ ਨਕਲੀ ਗਹਿਣਿਆਂ ਦੀ ਦੁਕਾਨ ਹੈ। ਅੱਜ ਸਵੇਰੇ ਦੋਵੇਂ ਪਤੀ-ਪਤਨੀ ਫੁੱਟਬਾਲ ਚੌਕ ਨੇੜੇ ਸਥਿਤ ਬੈਂਕ ਤੋਂ 17.10 ਲੱਖ ਰੁਪਏ ਨਕਦੀ ਕੱਢਵਾ ਕੇ ਲਿਆਏ ਸਨ, ਜਦਕਿ ਘਰੋਂ ਪਹਿਲਾਂ ਹੀ 2 ਲੱਖ ਰੁਪਏ ਨਾਲੇ ਗਏ ਸਨ। ਇਹ ਪੂਰੀ ਰਕਮ ਕਿਸੇ ਨੂੰ ਅਦਾ ਕੀਤੀ ਜਾਣੀ ਸੀ।
ਪੁਲਸ ਵੱਲੋਂ ਜਾਂਚ ਸ਼ੁਰੂ, ਸੀਸੀਟੀਵੀ ਖੰਗਾਲੇ ਜਾ ਰਹੇ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ 7 ਦੀ ਪੁਲਸ ਮੌਕੇ ‘ਤੇ ਪਹੁੰਚੀ। ਥਾਣਾ ਮੁਖੀ ਐੱਸ.ਐੱਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਕੋ ਦਿਨ ਦੋ ਵੱਡੀਆਂ ਵਾਰਦਾਤਾਂ ਨੇ ਪੁਲਸ ਅਲਰਟ ‘ਤੇ ਸਵਾਲ ਖੜੇ ਕੀਤੇ
ਗੌਰਤਲਬ ਹੈ ਕਿ ਜਲੰਧਰ ਵਿੱਚ ਇਕੋ ਦਿਨ ਦੋ ਗੰਭੀਰ ਅਪਰਾਧਿਕ ਘਟਨਾਵਾਂ ਵਾਪਰਨ ਨਾਲ ਕਾਨੂੰਨ-ਵਿਵਸਥਾ ‘ਤੇ ਸਵਾਲ ਖੜੇ ਹੋ ਗਏ ਹਨ। ਇਸ ਤੋਂ ਪਹਿਲਾਂ ਸਵੇਰੇ ਮਾਡਲ ਟਾਊਨ ਇਲਾਕੇ ਵਿੱਚ ‘ਆਪ’ ਆਗੂ ਲੱਕੀ ਓਬਰਾਏ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਭਾਵੇਂ ਪੁਲਸ ਅਲਰਟ ਹੋਣ ਦੇ ਦਾਅਵੇ ਕਰ ਰਹੀ ਹੈ, ਪਰ ਦਿਨ-ਦਿਹਾੜੇ ਹੋ ਰਹੀਆਂ ਘਟਨਾਵਾਂ ਨੇ ਪੁਲਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ

