ਅੰਮ੍ਰਿਤਸਰ :- ਅੰਮ੍ਰਿਤਸਰ ਦੇ ਹਾਲ ਗੇਟ ਇਲਾਕੇ ਵਿੱਚ ਸਥਿਤ ਜਾਮਾ ਮਸਜਿਦ ਵਿੱਚ ਇਸ ਵਾਰ 26 ਜਨਵਰੀ ਗਣਤੰਤਰ ਦਿਵਸ ਭਰਪੂਰ ਉਤਸ਼ਾਹ ਅਤੇ ਦੇਸ਼ਭਗਤੀ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਮਸਜਿਦ ਪ੍ਰੰਗਣ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁਸਲਿਮ ਭਾਈਚਾਰੇ ਦੇ ਬੱਚਿਆਂ, ਨੌਜਵਾਨਾਂ ਅਤੇ ਬੁਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਸੰਵਿਧਾਨ ਦੇ ਇਤਿਹਾਸ ਅਤੇ ਮਹੱਤਤਾ ਉਤੇ ਚਰਚਾ
ਕਾਰਜਕ੍ਰਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਮਾ ਮਸਜਿਦ ਅੰਮ੍ਰਿਤਸਰ ਦੇ ਨੁਮਾਇੰਦੇ ਦਾਨਿਸ਼ ਖਾਨ ਨੇ ਕਿਹਾ ਕਿ 26 ਜਨਵਰੀ ਸਿਰਫ਼ ਤਿਉਹਾਰ ਨਹੀਂ, ਬਲਕਿ ਭਾਰਤ ਦੇ ਲੋਕਤੰਤਰ ਦੀ ਨੀਂਹ ਨਾਲ ਜੁੜਿਆ ਇਤਿਹਾਸਕ ਦਿਨ ਹੈ। ਉਨ੍ਹਾਂ ਦੱਸਿਆ ਕਿ ਸਾਲ 1950 ਵਿੱਚ ਦੇਸ਼ ਦਾ ਸੰਵਿਧਾਨ ਲਾਗੂ ਹੋਇਆ, ਜਿਸ ਨਾਲ ਭਾਰਤ ਇੱਕ ਗਣਤੰਤਰਕ ਦੇਸ਼ ਬਣਿਆ।
ਉਨ੍ਹਾਂ ਕਿਹਾ ਕਿ ਸੰਵਿਧਾਨ ਸਾਨੂੰ ਬਰਾਬਰੀ, ਨਿਆਂ, ਆਜ਼ਾਦੀ ਅਤੇ ਭਾਈਚਾਰੇ ਨਾਲ ਜੀਣ ਦੀ ਪ੍ਰੇਰਣਾ ਦਿੰਦਾ ਹੈ ਅਤੇ ਇਹੀ ਇਸ ਦਿਨ ਦਾ ਅਸਲ ਸੰਦੇਸ਼ ਹੈ।
ਆਜ਼ਾਦੀ ਸੰਘਰਸ਼ ਦੀ ਸਾਂਝੀ ਵਿਰਾਸਤ ਨੂੰ ਕੀਤਾ ਯਾਦ
ਦਾਨਿਸ਼ ਖਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਕਿਸੇ ਇੱਕ ਧਰਮ ਜਾਂ ਵਰਗ ਦੀ ਨਹੀਂ, ਸਗੋਂ ਹਰ ਧਰਮ ਅਤੇ ਹਰ ਭਾਈਚਾਰੇ ਦੇ ਆਜ਼ਾਦੀ ਸੈਨਾਨੀਆਂ ਦੀਆਂ ਕੁਰਬਾਨੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਜਿਸ ਆਜ਼ਾਦ ਭਾਰਤ ਵਿੱਚ ਜੀ ਰਹੇ ਹਾਂ, ਉਹ ਸਾਰਿਆਂ ਦੀ ਸਾਂਝੀ ਕੁਰਬਾਨੀ ਦੀ ਬਦੌਲਤ ਹੈ।
ਮਸਜਿਦ ਤੋਂ ਗੋਲ ਹੱਟੀ ਤੱਕ ਕੱਢਿਆ ਤਿਰੰਗਾ ਫਲੈਗ ਮਾਰਚ
ਸਮਾਗਮ ਦੇ ਤਹਿਤ ਮੁਸਲਿਮ ਬੱਚਿਆਂ ਵੱਲੋਂ ਜਾਮਾ ਮਸਜਿਦ ਤੋਂ ਲੈ ਕੇ ਗੋਲ ਹੱਟੀ ਤੱਕ ਤਿਰੰਗਾ ਫਲੈਗ ਮਾਰਚ ਕੱਢਿਆ ਗਿਆ। ਹੱਥਾਂ ਵਿੱਚ ਤਿਰੰਗਾ ਫੜ੍ਹ ਕੇ ਬੱਚਿਆਂ ਨੇ ਦੇਸ਼ਭਗਤੀ ਦੇ ਨਾਅਰਿਆਂ ਨਾਲ ਪੂਰੇ ਇਲਾਕੇ ਨੂੰ ਰਾਸ਼ਟਰੀ ਭਾਵਨਾ ਨਾਲ ਜੋੜ ਦਿੱਤਾ।
ਦੇਸ਼ਭਗਤੀ ਗੀਤਾਂ ਅਤੇ ਤਕਰੀਰਾਂ ਨਾਲ ਸਮਾਗਮ ਨੂੰ ਮਿਲੀ ਰੌਣਕ
ਕਾਰਜਕ੍ਰਮ ਦੌਰਾਨ ਬੱਚਿਆਂ ਵੱਲੋਂ ਦੇਸ਼ਭਗਤੀ ਗੀਤ, ਰਾਸ਼ਟਰੀ ਗੀਤ ਅਤੇ ਦੇਸ਼ ਪ੍ਰਤੀ ਸਮਰਪਣ ਦਰਸਾਉਂਦੀਆਂ ਤਕਰੀਰਾਂ ਪੇਸ਼ ਕੀਤੀਆਂ ਗਈਆਂ। ਹਰ ਪ੍ਰਸਤੁਤੀ ਵਿੱਚ ਦੇਸ਼ ਦੀ ਏਕਤਾ, ਸੰਵਿਧਾਨ ਦੀ ਇੱਜ਼ਤ ਅਤੇ ਆਪਸੀ ਸਾਂਝ ਦਾ ਸੰਦੇਸ਼ ਦਿੱਤਾ ਗਿਆ।
ਬੱਚਿਆਂ ਵਿੱਚ ਦੇਸ਼ਭਗਤੀ ਪੈਦਾ ਕਰਨਾ ਜ਼ਰੂਰੀ
ਦਾਨਿਸ਼ ਖਾਨ ਨੇ ਕਿਹਾ ਕਿ ਬਚਪਨ ਤੋਂ ਹੀ ਬੱਚਿਆਂ ਨੂੰ ਦੇਸ਼ਭਗਤੀ ਅਤੇ ਸੰਵਿਧਾਨਕ ਮੁੱਲਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਤਾਂ ਜੋ ਭਵਿੱਖ ਵਿੱਚ ਇੱਕ ਮਜ਼ਬੂਤ, ਏਕਜੁਟ ਅਤੇ ਨਫਰਤ-ਰਹਿਤ ਸਮਾਜ ਦੀ ਨੀਂਹ ਤਿਆਰ ਹੋ ਸਕੇ।
ਦੇਸ਼-ਵਿਦੇਸ਼ ਵਸਦੇ ਭਾਰਤੀਆਂ ਨੂੰ ਦਿੱਤੀਆਂ ਵਧਾਈਆਂ
ਕਾਰਜਕ੍ਰਮ ਦੇ ਅੰਤ ਵਿੱਚ ਭਾਰਤ ਸਮੇਤ ਵਿਦੇਸ਼ਾਂ ਵਿੱਚ ਰਹਿ ਰਹੇ ਸਾਰੇ ਭਾਰਤ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਦੇਸ਼ ਦੀ ਤਰੱਕੀ, ਅਮਨ ਅਤੇ ਏਕਤਾ ਲਈ ਕਾਮਨਾ ਕੀਤੀ ਗਈ।

