ਫਿਰੋਜ਼ਪੁਰ :- ਫਿਰੋਜ਼ਪੁਰ ਸ਼ਹਿਰ ਦੇ ਗਾਂਧੀਨਗਰ ਇਲਾਕੇ ਵਿੱਚ ਨਸ਼ੇ ਨੇ ਇਕ ਹੋਰ ਨੌਜਵਾਨ ਦੀ ਜ਼ਿੰਦਗੀ ਖੋਹ ਲਈ। ਕਰੀਬ 25 ਸਾਲਾ ਗੌਰਵ ਉਰਫ਼ ਗੋਰਾ ਦੀ ਨਸ਼ੇ ਦੀ ਆਦਤ ਕਾਰਨ ਮੌਤ ਹੋ ਗਈ, ਜਿਸ ਨਾਲ ਉਸਦਾ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੀਆਂ-ਛੋਟੀਆਂ ਧੀਆਂ ਛੱਡ ਗਿਆ ਹੈ, ਜਿਨ੍ਹਾਂ ਦੇ ਸਿਰੋਂ ਪਰਿਵਾਰ ਦਾ ਇਕੱਲਾ ਸਹਾਰਾ ਛਿਨ ਗਿਆ।
ਨਸ਼ੇ ਦੀ ਲਤ ਨੇ ਛੀਨ ਲਈ ਜ਼ਿੰਦਗੀ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਗੌਰਵ ਆਟੋ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ, ਪਰ ਉਹ ਲੰਮੇ ਸਮੇਂ ਤੋਂ ਨਸ਼ੇ ਦਾ ਆਦੀ ਸੀ। ਪਰਿਵਾਰ ਵੱਲੋਂ ਉਸ ਨੂੰ ਨਸ਼ਾ ਛੁਡਾਉਣ ਲਈ ਹਸਪਤਾਲ ਵਿੱਚ ਦਾਖ਼ਲ ਵੀ ਕਰਵਾਇਆ ਗਿਆ ਸੀ। ਕੁਝ ਸਮੇਂ ਲਈ ਉਸ ਨੇ ਨਸ਼ਾ ਛੱਡ ਦਿੱਤਾ ਸੀ ਅਤੇ ਪਰਿਵਾਰ ਨੂੰ ਆਸ ਜਗੀ ਸੀ ਕਿ ਹੁਣ ਉਹ ਸਹੀ ਰਾਹ ‘ਤੇ ਆ ਜਾਵੇਗਾ, ਪਰ ਬਦਕਿਸਮਤੀ ਨਾਲ ਉਹ ਮੁੜ ਨਸ਼ੇ ਦੀ ਦਲ-ਦਲ ਵਿੱਚ ਫਸ ਗਿਆ, ਜੋ ਆਖ਼ਿਰਕਾਰ ਉਸਦੀ ਮੌਤ ਦਾ ਕਾਰਨ ਬਣੀ।
ਪਰਿਵਾਰ ਦੀਆਂ ਕੋਸ਼ਿਸ਼ਾਂ ਵੀ ਰਹੀਆਂ ਨਾਕਾਮ
ਮ੍ਰਿਤਕ ਦੇ ਪਿਤਾ ਮੱਖਣ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਪਰਿਵਾਰ ਨੇ ਗੌਰਵ ਨੂੰ ਨਸ਼ੇ ਤੋਂ ਦੂਰ ਕਰਨ ਲਈ ਹਰ ਸੰਭਵ ਜਤਨ ਕੀਤਾ। ਉਨ੍ਹਾਂ ਕਿਹਾ ਕਿ ਕਈ ਵਾਰ ਸਮਝਾਇਆ, ਇਲਾਜ ਕਰਵਾਇਆ, ਪਰ ਨਸ਼ਾ ਉਸ ਨੂੰ ਇਸ ਕਦਰ ਆਪਣੀ ਗ੍ਰਿਫ਼ਤ ‘ਚ ਲੈ ਚੁੱਕਾ ਸੀ ਕਿ ਉਹ ਬਾਹਰ ਨਹੀਂ ਨਿਕਲ ਸਕਿਆ। ਉਨ੍ਹਾਂ ਅਨੁਸਾਰ ਗੌਰਵ ਦੀ ਮੌਤ ਸਿਰਫ਼ ਇਕ ਪਰਿਵਾਰ ਦੀ ਨਹੀਂ, ਸਗੋਂ ਸਮਾਜ ਲਈ ਵੀ ਵੱਡੀ ਚੇਤਾਵਨੀ ਹੈ।
ਰੋਟੀ-ਰੋਜ਼ੀ ਦਾ ਕੋਈ ਸਹਾਰਾ ਨਹੀਂ
ਗੌਰਵ ਦੀ ਮੌਤ ਤੋਂ ਬਾਅਦ ਉਸਦੀ ਪਤਨੀ ਅਤੇ ਦੋ ਨਿੱਕੀਆਂ ਧੀਆਂ ਕੋਲ ਜੀਵਨ ਯਾਪਨ ਲਈ ਕੋਈ ਢੁੱਕਵਾਂ ਸਾਧਨ ਨਹੀਂ ਬਚਿਆ। ਪਰਿਵਾਰ ਨੇ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਬੱਚੀਆਂ ਦੀ ਪਰਵਰਿਸ਼ ਅਤੇ ਭਵਿੱਖ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਨਸ਼ੇ ਦੀ ਲਪੇਟ ‘ਚ ਆ ਰਹੇ ਨੌਜਵਾਨਾਂ ਨੂੰ ਬਚਾਉਣ ਲਈ ਠੋਸ ਨੀਤੀਆਂ ਬਣਾਈਆਂ ਜਾਣ।
ਕੌਂਸਲਰ ਵੱਲੋਂ ਸਰਕਾਰ ਨੂੰ ਅਪੀਲ
ਗਾਂਧੀਨਗਰ ਦੇ ਕੌਂਸਲਰ ਅਮਰਜੀਤ ਨਾਰੰਗ ਨੇ ਇਸ ਮੌਕੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗੌਰਵ ਦੇ ਪਰਿਵਾਰ ਨੇ ਉਸਦੀ ਨਸ਼ੇ ਦੀ ਆਦਤ ਛੁਡਾਉਣ ਲਈ ਭਰਸਕ ਕੋਸ਼ਿਸ਼ਾਂ ਕੀਤੀਆਂ, ਪਰ ਇਕ ਵਾਰ ਮੁੜ ਨਸ਼ੇ ‘ਚ ਡੁੱਬਣ ਤੋਂ ਬਾਅਦ ਉਸਦੀ ਜ਼ਿੰਦਗੀ ਨਹੀਂ ਬਚਾਈ ਜਾ ਸਕੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮ੍ਰਿਤਕ ਦੀ ਪਤਨੀ ਅਤੇ ਦੋ ਬੱਚੀਆਂ ਨੂੰ ਵਿੱਤੀ ਮਦਦ ਦਿੱਤੀ ਜਾਵੇ।
ਖਸਤਾ ਘਰ, ਮਦਦ ਦੀ ਲੋੜ
ਕੌਂਸਲਰ ਨਾਰੰਗ ਨੇ ਦੱਸਿਆ ਕਿ ਪੀੜਤ ਪਰਿਵਾਰ ਬਹੁਤ ਹੀ ਖਸਤਾ ਹਾਲਤ ਵਿੱਚ ਰਹਿ ਰਿਹਾ ਹੈ। ਘਰ ਦੀ ਛੱਤ ਬਾਲਿਆਂ ‘ਤੇ ਟਿਕੀ ਹੋਈ ਹੈ ਅਤੇ ਰਹਿਣ ਯੋਗ ਹਾਲਾਤ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਮਦਦ ਨਾਲ ਪਰਿਵਾਰ ਲਈ ਪੱਕਾ ਮਕਾਨ ਤਿਆਰ ਕੀਤਾ ਜਾਵੇ, ਤਾਂ ਜੋ ਬੱਚੀਆਂ ਨੂੰ ਸੁਰੱਖਿਅਤ ਜੀਵਨ ਮਿਲ ਸਕੇ।
ਨਸ਼ੇ ਖ਼ਿਲਾਫ਼ ਮੁਹਿੰਮ ‘ਤੇ ਸਵਾਲ
ਕੌਂਸਲਰ ਨੇ ਇਹ ਵੀ ਕਿਹਾ ਕਿ ਇਕ ਪਾਸੇ ਫਿਰੋਜ਼ਪੁਰ ਪੁਲਿਸ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕਰ ਰਹੀ ਹੈ, ਪਰ ਦੂਜੇ ਪਾਸੇ ਅਜੇ ਵੀ ਨਸ਼ਾ ਨੌਜਵਾਨਾਂ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨਸ਼ੇ ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤੋੜਨ ਲਈ ਹੋਰ ਸਖ਼ਤ ਕਦਮ ਚੁੱਕੇ ਜਾਣ, ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਇਸ ਤਰ੍ਹਾਂ ਬੁਝਣ ਤੋਂ ਬਚ ਸਕੇ।

