ਬਠਿੰਡਾ :- ਬਠਿੰਡਾ ਜ਼ਿਲ੍ਹੇ ਵਿੱਚ ਡੇਂਗੂ ਬੁਖ਼ਾਰ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ ਕੁੱਝ ਦਿਨਾਂ ‘ਚ ਡੇਂਗੂ ਤੇ ਚਿਕਨਗੁਨੀਆ ਦੇ ਨਵੇਂ ਕੇਸ ਸਾਹਮਣੇ ਆਉਣ ਨਾਲ ਲੋਕਾਂ ਵਿੱਚ ਚਿੰਤਾ ਵਧ ਗਈ ਹੈ। ਹਾਲਾਂਕਿ ਹੁਣ ਤੱਕ ਕਿਸੇ ਮੌਤ ਦੀ ਪੁਸ਼ਟੀ ਨਹੀਂ ਹੋਈ, ਪਰ ਸ਼ਹਿਰ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਸਿਵਲ ਤੇ ਨਿੱਜੀ ਹਸਪਤਾਲਾਂ ਵਿੱਚ ਵਧ ਰਹੇ ਮਰੀਜ਼
ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ, ਡੇਂਗੂ ਮਰੀਜ਼ਾਂ ਦੀ ਗਿਣਤੀ 200 ਤੋਂ ਪਾਰ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਇਸ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਸਿਵਲ ਹਸਪਤਾਲ ਵਿੱਚ ਡੇਂਗੂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ, ਜਦਕਿ ਨਿੱਜੀ ਹਸਪਤਾਲਾਂ ਵਿੱਚ ਵੀ ਕਈ ਕੇਸ ਸਾਹਮਣੇ ਆ ਰਹੇ ਹਨ। ਜ਼ਿਆਦਾਤਰ ਮਰੀਜ਼ ਸਹੀ ਇਲਾਜ ਅਤੇ ਆਰਾਮ ਨਾਲ ਠੀਕ ਹੋ ਰਹੇ ਹਨ।
ਫੌਗਿੰਗ ਤੇ ਸਰਵੇਖਣ ਮੁਹਿੰਮ ਜਾਰੀ
ਡੇਂਗੂ ਦੇ ਵੱਧਦੇ ਖਤਰੇ ਨੂੰ ਦੇਖਦਿਆਂ ਨਗਰ ਨਿਗਮ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਫੌਗਿੰਗ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਸਰਵੇਖਣ ਕਰਕੇ ਡੇਂਗੂ ਦੇ ਲਾਰਵੇ ਨੂੰ ਨਸ਼ਟ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ ਵਿੱਚ ਵਿਸ਼ੇਸ਼ ਡੇਂਗੂ ਵਾਰਡ ਬਣਾਇਆ ਗਿਆ ਹੈ, ਜਿੱਥੇ ਮਰੀਜ਼ਾਂ ਦੀ ਦੇਖਭਾਲ ਲਈ ਖ਼ਾਸ ਟੀਮ ਤਾਇਨਾਤ ਹੈ।
ਡਾਕਟਰਾਂ ਦੀ ਅਪੀਲ: ਘਬਰਾਓ ਨਹੀਂ, ਸਾਵਧਾਨ ਰਹੋ
ਸਿਵਲ ਹਸਪਤਾਲ ਦੇ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਡੇਂਗੂ ਤੋਂ ਡਰਣ ਦੀ ਲੋੜ ਨਹੀਂ ਹੈ। ਸਹੀ ਇਲਾਜ, ਪੋਸ਼ਣਯੋਗ ਖ਼ੁਰਾਕ ਅਤੇ ਆਰਾਮ ਨਾਲ ਇਹ ਬੀਮਾਰੀ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁਝ ਮਰੀਜ਼ਾਂ ਵਿੱਚ ਚਿਕਨਗੁਨੀਆ ਦੇ ਲੱਛਣ ਵੀ ਮਿਲ ਰਹੇ ਹਨ। ਪ੍ਰਦੂਸ਼ਣ ਵੱਧਣ ਨਾਲ ਅੱਖਾਂ ਤੇ ਦਮੇ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ।
ਲੋਕਾਂ ਲਈ ਸਲਾਹ
ਸਿਹਤ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਘਰਾਂ ਦੇ ਨੇੜੇ ਪਾਣੀ ਖੜ੍ਹਾ ਨਾ ਹੋਣ ਦੇਣ, ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣ ਅਤੇ ਦਿਨ ਦੇ ਸਮੇਂ ਮੱਛਰਾਂ ਤੋਂ ਬਚਾਅ ਲਈ ਵਧੇਰੇ ਸਾਵਧਾਨ ਰਹਿਣ।

