ਨਵੀਂ ਦਿੱਲੀ :- ਰੂਸ ਦੇ ਦੂਰ-ਪੂਰਬੀ ਕਾਮਚਟਕਾ ਪ੍ਰਾਇਦੀਪ ਦੇ ਤੱਟੀ ਇਲਾਕੇ ਨੂੰ ਸ਼ੁੱਕਰਵਾਰ, 19 ਸਤੰਬਰ ਨੂੰ ਇੱਕ ਸ਼ਕਤੀਸ਼ਾਲੀ ਭੂਚਾਲ ਨੇ ਹਿਲਾ ਦਿੱਤਾ। ਭੂਚਾਲ ਦੀ ਤੀਬਰਤਾ 7.8 ਦਰਜ ਕੀਤੀ ਗਈ, ਜਿਸ ਨਾਲ ਇਮਾਰਤਾਂ ਕੰਬਣ ਲੱਗੀਆਂ ਅਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਅਧਿਕਾਰੀਆਂ ਨੇ ਤੁਰੰਤ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ, ਜਿਸਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ।
ਵੀਡੀਓਜ਼ ‘ਚ ਕੈਦ ਦਹਿਸ਼ਤ
ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਘਰਾਂ ਅੰਦਰ ਫਰਨੀਚਰ ਤੇ ਪੱਖੇ ਹਿੱਲਦੇ ਦਿਖਾਈ ਦਿੱਤੇ। ਇੱਕ ਹੋਰ ਵੀਡੀਓ ਵਿੱਚ ਖੜ੍ਹੀ ਕਾਰ ਸੜਕ ‘ਤੇ ਅੱਗੇ-ਪਿੱਛੇ ਹਿੱਲਦੀ ਨਜ਼ਰ ਆਈ, ਜਿਸ ਨਾਲ ਭੂਚਾਲ ਦੀ ਤਾਕਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਭੂਚਾਲ ਦਾ ਕੇਂਦਰ
ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ, ਭੂਚਾਲ ਦਾ ਕੇਂਦਰ ਪੈਟ੍ਰੋਪਾਵਲੋਵਸਕ-ਕਾਮਚੈਟਸਕੀ ਤੋਂ 128 ਕਿਲੋਮੀਟਰ ਪੂਰਬ ਵੱਲ 10 ਕਿਲੋਮੀਟਰ ਡੂੰਘਾਈ ‘ਤੇ ਸੀ। ਇਸੇ ਦੌਰਾਨ, ਰੂਸੀ ਭੂ-ਭੌਤਿਕ ਵਿਭਾਗ ਦੀ ਸਥਾਨਕ ਸ਼ਾਖਾ ਨੇ ਭੂਚਾਲ ਦੀ ਤੀਬਰਤਾ 7.4 ਦਰਸਾਈ ਅਤੇ ਕਿਹਾ ਕਿ ਘੱਟੋ-ਘੱਟ ਪੰਜ ਝਟਕੇ ਮਹਿਸੂਸ ਕੀਤੇ ਗਏ।
ਸੁਨਾਮੀ ਚੇਤਾਵਨੀ ਰੱਦ
ਯੂਐਸ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਸ਼ੁਰੂ ‘ਚ ਤੱਟੀ ਖੇਤਰਾਂ ਲਈ ਖ਼ਤਰਨਾਕ ਲਹਿਰਾਂ ਦੀ ਚੇਤਾਵਨੀ ਜਾਰੀ ਕੀਤੀ ਸੀ। ਹਾਲਾਂਕਿ ਕੁਝ ਘੰਟਿਆਂ ਬਾਅਦ ਇਸਨੂੰ ਰੱਦ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਹੁਣ ਕੋਈ ਖ਼ਤਰਾ ਨਹੀਂ।
ਜੁਲਾਈ ਵਾਲਾ ਭੂਚਾਲ ਯਾਦਗਾਰ
ਗੌਰ ਕਰਨਯੋਗ ਹੈ ਕਿ ਇਸੇ ਖੇਤਰ ਵਿੱਚ ਜੁਲਾਈ ਮਹੀਨੇ ਦੌਰਾਨ 8.8 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਸੀ, ਜਿਸ ਨਾਲ ਸੁਨਾਮੀ ਦੀ ਸਥਿਤੀ ਬਣੀ ਸੀ। ਉਸ ਸਮੇਂ ਇੱਕ ਪਿੰਡ ਦਾ ਵੱਡਾ ਹਿੱਸਾ ਸਮੁੰਦਰ ਵਿੱਚ ਵਹਿ ਗਿਆ ਸੀ ਅਤੇ ਜਾਪਾਨ ਤੋਂ ਲੈ ਕੇ ਅਮਰੀਕਾ ਤੱਕ ਸੁਨਾਮੀ ਅਲਰਟ ਜਾਰੀ ਹੋਇਆ ਸੀ।