ਆਸਟਰੀਆ :- ਆਸਟਰੀਆ ਦੇ ਸਾਲਜ਼ਬਰਗ ਸਥਿਤ ਕੂਲ ਮਾਮਾ ਹੋਟਲ ਵਿੱਚ ਪੱਗਧਾਰੀ ਸਿੱਖ ਨੌਜਵਾਨਾਂ ਨੂੰ ਦਾਖ਼ਲਾ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਵਿੱਚ ਵਪਾਰਕ ਫਰਮ ਚਲਾਉਣ ਵਾਲੇ ਜਸਪ੍ਰੀਤ ਨੇ ਦੋਸ਼ ਲਗਾਇਆ ਹੈ ਕਿ ਹੋਟਲ ਪ੍ਰਬੰਧਨ ਨੇ ਪੱਗ ਬੰਨ੍ਹੀ ਹੋਣ ਕਾਰਨ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਜਸਪ੍ਰੀਤ ਨੇ ਇਸ ਘਟਨਾ ਨਾਲ ਸਬੰਧਤ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਸਾਂਝੀ ਕੀਤੀ ਹੈ।
27 ਅਗਸਤ ਨੂੰ ਕੀਤੀ ਸੀ ਹੋਟਲ ਦੀ ਬੁਕਿੰਗ
ਜਸਪ੍ਰੀਤ ਅਨੁਸਾਰ ਉਸ ਨੇ 27 ਅਗਸਤ ਨੂੰ ਹੋਟਲ ਦੀ ਆਨਲਾਈਨ ਬੁਕਿੰਗ ਕਰਵਾਈ ਸੀ। ਹੋਟਲ ਪਹੁੰਚਣ ’ਤੇ ਜਦੋਂ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਤਾਂ ਉਸ ਨੇ ਪ੍ਰਬੰਧਨ ਤੋਂ ਇਸ ਦਾ ਕਾਰਨ ਪੁੱਛਿਆ। ਉਸ ਦਾ ਕਹਿਣਾ ਹੈ ਕਿ ਹੋਟਲ ਵੱਲੋਂ ਡਰੈੱਸ ਕੋਡ ਦਾ ਹਵਾਲਾ ਦਿੰਦਿਆਂ ਪੱਗਧਾਰੀ ਲੋਕਾਂ ਨੂੰ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਨਾ ਹੋਣ ਦੀ ਗੱਲ ਕਹੀ ਗਈ।
ਬੁਕਿੰਗ ਦੀ ਰਕਮ ਵਾਪਸ ਕਰਨ ਤੋਂ ਵੀ ਇਨਕਾਰ
ਜਸਪ੍ਰੀਤ ਨੇ ਦਾਅਵਾ ਕੀਤਾ ਕਿ ਦਾਖ਼ਲਾ ਨਾ ਮਿਲਣ ਤੋਂ ਬਾਅਦ ਉਸ ਨੇ ਆਪਣੀ ਬੁਕਿੰਗ ਦੀ ਰਕਮ ਵਾਪਸ ਕਰਨ ਦੀ ਮੰਗ ਕੀਤੀ, ਪਰ ਹੋਟਲ ਪ੍ਰਬੰਧਨ ਨੇ ਰਿਫੰਡ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪੂਰੇ ਮਾਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ।
ਹੋਟਲ ਨੇ ਡਰੈੱਸ ਕੋਡ ਦਾ ਦਿੱਤਾ ਹਵਾਲਾ
ਦੂਜੇ ਪਾਸੇ ਕੂਲ ਮਾਮਾ ਹੋਟਲ ਦੇ ਪ੍ਰਬੰਧਨ ਦਾ ਕਹਿਣਾ ਹੈ ਕਿ ਪਹਿਰਾਵੇ ਸਬੰਧੀ ਨਿਯਮ ਬੁਕਿੰਗ ਤੋਂ ਪਹਿਲਾਂ ਹੀ ਉਨ੍ਹਾਂ ਦੀ ਵੈੱਬਸਾਈਟ ’ਤੇ ਦਰਜ ਹਨ। ਹੋਟਲ ਅਨੁਸਾਰ ਸਕਾਈ ਰੈਸਟੋਰੈਂਟ ਅਤੇ ਨਾਸ਼ਤੇ ਵਾਲੇ ਖੇਤਰ ਵਿੱਚ ਦਾਖ਼ਲੇ ਲਈ ਨਿਰਧਾਰਤ ਡਰੈੱਸ ਕੋਡ ਦੀ ਪਾਲਣਾ ਕਰਨੀ ਲਾਜ਼ਮੀ ਹੈ।
ਵੈੱਬਸਾਈਟ ‘ਤੇ ਨਿਯਮ ਪਹਿਲਾਂ ਤੋਂ ਦਰਜ ਹੋਣ ਦਾ ਦਾਅਵਾ
ਹੋਟਲ ਪ੍ਰਬੰਧਨ ਨੇ ਕਿਹਾ ਕਿ ਰੈਸਟੋਰੈਂਟ ਦੇ ਸ਼ਾਂਤ ਅਤੇ ਵਿਸ਼ੇਸ਼ ਮਾਹੌਲ ਨੂੰ ਕਾਇਮ ਰੱਖਣ ਲਈ ਮਹਿਮਾਨਾਂ ਤੋਂ ਸਾਦਾ ਅਤੇ ਢੁਕਵਾਂ ਪਹਿਰਾਵਾ ਪਹਿਨਣ ਦੀ ਉਮੀਦ ਕੀਤੀ ਜਾਂਦੀ ਹੈ। ਪ੍ਰਬੰਧਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਡਰੈੱਸ ਕੋਡ ਸਬੰਧੀ ਨਿਯਮ ਵੈੱਬਸਾਈਟ ’ਤੇ ਪਹਿਲਾਂ ਹੀ ਉਪਲਬਧ ਸਨ।
ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ
ਪੱਗਧਾਰੀ ਸਿੱਖ ਨੌਜਵਾਨਾਂ ਨੂੰ ਦਾਖ਼ਲਾ ਨਾ ਮਿਲਣ ਦੇ ਦਾਅਵੇ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਆ ਗਿਆ ਹੈ। ਇਕ ਪਾਸੇ ਜਸਪ੍ਰੀਤ ਵੱਲੋਂ ਪੱਗ ਕਾਰਨ ਦਾਖ਼ਲਾ ਰੋਕੇ ਜਾਣ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਦੂਜੇ ਪਾਸੇ ਹੋਟਲ ਪ੍ਰਬੰਧਨ ਆਪਣੇ ਪਹਿਰਾਵੇ ਸਬੰਧੀ ਨਿਯਮਾਂ ਦਾ ਹਵਾਲਾ ਦੇ ਰਿਹਾ ਹੈ।

