ਅਮਰੀਕਾ :- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਏਸ਼ੀਆ ਦੇ ਸਹਿਯੋਗੀ ਦੇਸ਼ ਈਰਾਨ ਨਾਲ ਚੱਲ ਰਹੇ ਟਕਰਾਅ ਨੂੰ ਖ਼ਤਮ ਕਰਨ ਲਈ ਇੱਕ ਢਾਂਚਾਗਤ ਸਮਝੌਤੇ ਦੇ ਨੇੜੇ ਪਹੁੰਚ ਗਏ ਹਨ। ਸੋਸ਼ਲ ਮੀਡੀਆ ‘ਤੇ ਜਾਰੀ ਆਪਣੇ ਬਿਆਨ ਵਿੱਚ ਟਰੰਪ ਨੇ ਕਿਹਾ ਕਿ ਜੇਕਰ ਗੱਲਬਾਤ ਸਫ਼ਲ ਰਹਿੰਦੀ ਹੈ ਤਾਂ ਉਹ ਈਰਾਨ ਖ਼ਿਲਾਫ਼ ਕਿਸੇ ਵੀ ਨਵੇਂ ਫੌਜੀ ਹਮਲੇ ਦੇ ਹੁਕਮ ਨਹੀਂ ਦੇਣਗੇ।
ਹੋਰਮੂਜ਼ ਜਲਡਮਰੂ ਖੋਲ੍ਹਣ ਤੇ ਜ਼ੋਰ
ਟਰੰਪ ਨੇ ਕਿਹਾ ਕਿ ਪ੍ਰਸਤਾਵਿਤ ਸਮਝੌਤੇ ਵਿੱਚ ਹੋਰਮੂਜ਼ ਜਲਡਮਰੂ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਖੋਲ੍ਹਣਾ ਅਤੇ ਈਰਾਨ ਦੇ ਪ੍ਰਮਾਣੂ ਖਤਰੇ ਨੂੰ ਖ਼ਤਮ ਕਰਨ ਵਰਗੇ ਅਹਿਮ ਮੁੱਦੇ ਸ਼ਾਮਲ ਹਨ। ਉਨ੍ਹਾਂ ਦੇ ਅਨੁਸਾਰ ਇਹ ਕਦਮ ਖੇਤਰ ਵਿੱਚ ਸਥਿਰਤਾ ਅਤੇ ਅੰਤਰਰਾਸ਼ਟਰੀ ਵਪਾਰ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ।
‘ਸਮਝੌਤਾ ਹੋਇਆ ਤਾਂ ਹਮਲੇ ਨਹੀਂ ਹੋਣਗੇ’
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਅਤੇ ਈਰਾਨ ਦੇ ਸਥਿਰ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਫਿਲਹਾਲ ਸੈਨਿਕ ਕਾਰਵਾਈ ਰੋਕਣ ਲਈ ਤਿਆਰ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਫ਼ੈਸਲਾ ਇਸ ਸ਼ਰਤ ਨਾਲ ਜੁੜਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੋਵੇਂ ਧਿਰਾਂ ਵਿਚਾਲੇ ਸਮਝੌਤਾ ਸਿਰੇ ਚੜ੍ਹੇ।
ਇਜ਼ਰਾਈਲ ਵੀ ਗੱਲਬਾਤ ਦੇ ਹੱਕ ਵਿੱਚ
ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਇਜ਼ਰਾਈਲ ਨੇ ਵੀ ਈਰਾਨ ਨਾਲ ਸਮਝੌਤੇ ਲਈ ਅਮਰੀਕਾ ਵੱਲੋਂ ਕੀਤੇ ਜਾ ਰਹੇ ਕੂਟਨੀਤਿਕ ਯਤਨਾਂ ਦਾ ਸਮਰਥਨ ਕਰਨ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕੋਸ਼ਿਸ਼ਾਂ ਸਫ਼ਲ ਰਹਿੰਦੀਆਂ ਹਨ ਤਾਂ ਲੰਬੇ ਸਮੇਂ ਤੋਂ ਚੱਲ ਰਿਹਾ ਟਕਰਾਅ ਖ਼ਤਮ ਹੋ ਸਕਦਾ ਹੈ।

