ਨਵੀਂ ਦਿੱਲੀ :- ਮੌਨਸੂਨ ਦੀ ਲਗਾਤਾਰ ਬਾਰਿਸ਼ ਕਾਰਨ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਦੋਵੇਂ ਪਾਸਿਆਂ ਹੜ੍ਹਾਂ ਨੇ ਕਹਿਰ ਢਾਹ ਦਿੱਤਾ ਹੈ। ਅਟਾਰੀ-ਵਾਹਗਾ ਸਰਹੱਦ ਪੂਰੀ ਤਰ੍ਹਾਂ ਪਾਣੀ ਹੇਠਾਂ ਆ ਗਈ ਹੈ, ਜਿਸ ਕਾਰਨ ਆਵਾਜਾਈ ਰੁੱਕ ਗਈ ਹੈ ਅਤੇ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ। ਧੁੱਸੀ ਬੰਨ੍ਹ ਟੁੱਟਣ ਤੇ ਕਰਤਾਰਪੁਰ ਲਾਂਘੇ ਨੇੜੇ ਪਾਣੀ ਭਰਨ ਨਾਲ ਕਈ ਪਿੰਡ ਡੁੱਬ ਗਏ ਹਨ।
ਲਹਿੰਦੇ ਪੰਜਾਬ ਵਿੱਚ 17 ਮੌਤਾਂ, ਸੈਂਕੜੇ ਪਿੰਡ ਪਾਣੀ ਹੇਠਾਂ
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਤਲੁਜ, ਰਾਵੀ ਅਤੇ ਚਨਾਬ ਦਰਿਆਵਾਂ ਦੇ ਉਫਾਨ ਨਾਲ ਸੈਂਕੜੇ ਪਿੰਡ ਡੁੱਬ ਗਏ ਹਨ। ਪੁਲਾਂ ਅਤੇ ਸੜਕਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ, ਜਦਕਿ ਲੱਖਾਂ ਏਕੜ ਖੇਤੀਬਾੜੀ ਜ਼ਮੀਨ ਪਾਣੀ ਹੇਠਾਂ ਆ ਗਈ ਹੈ।
10 ਲੱਖ ਲੋਕ ਪ੍ਰਭਾਵਿਤ, ਰਾਹਤ ਕਾਰਜ ਜਾਰੀ
ਪੰਜਾਬ ਸਰਕਾਰ ਨੇ ਦੱਸਿਆ ਕਿ ਲਗਭਗ 10 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਅਤੇ ਹੁਣ ਤੱਕ 2.5 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਹਵਾਈ ਸਰਵੇਖਣ ਕਰਕੇ ਰਾਹਤ ਕਾਰਜ ਤੇਜ਼ ਕਰਨ ਦੇ ਹੁਕਮ ਦਿੱਤੇ।
ਸਭ ਤੋਂ ਵੱਧ ਪ੍ਰਭਾਵਿਤ ਖੇਤਰ
ਚਨਾਬ ਨਦੀ ਕੰਢੇ ਸਥਿਤ ਸਿਆਲਕੋਟ, ਵਜ਼ੀਰਾਬਾਦ, ਗੁਜਰਾਤ, ਮੰਡੀ ਬਹਾਉਦੀਨ, ਚਿਨਿਓਟ ਅਤੇ ਝੰਗ ਦੇ ਲਗਭਗ 340 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹਨ। ਸਤਲੁਜ ਨਦੀ ਨੇੜੇ ਕਸੂਰ, ਓਕਾਰਾ, ਪਾਕਪਟਨ, ਮੁਲਤਾਨ, ਵੇਹਾਰੀ, ਬਹਾਵਲਨਗਰ ਅਤੇ ਬਹਾਵਲਪੁਰ ਦੇ 335 ਪਿੰਡ ਹੜ੍ਹਾਂ ਹੇਠਾਂ ਹਨ।
ਭਾਰਤ ਨੇ ਪਹਿਲਾਂ ਹੀ ਦਿੱਤੀ ਸੀ ਚੇਤਾਵਨੀ
ਭਾਰਤ ਨੇ ਪਾਕਿਸਤਾਨ ਨੂੰ ਮਾਧੋਪੁਰ ਡੈਮ ਤੋਂ ਪਾਣੀ ਛੱਡਣ ਬਾਰੇ ਪਹਿਲਾਂ ਹੀ ਅਗਾਹ ਕਰ ਦਿੱਤਾ ਸੀ। ਐਤਵਾਰ ਨੂੰ ਕੂਟਨੀਤਕ ਚੈਨਲਾਂ ਰਾਹੀਂ ਪਾਕਿਸਤਾਨ ਨੂੰ ਚੇਤਾਵਨੀ ਭੇਜੀ ਗਈ ਸੀ, ਤਾਂ ਜੋ ਹੜ੍ਹ ਦਾ ਅਸਰ ਘੱਟ ਕੀਤਾ ਜਾ ਸਕੇ।