ਕੈਨੇਡਾ :- ਕੈਨੇਡਾ ਵਿੱਚ ਰਹਿ ਰਹੀ ਪੰਜਾਬੀ ਮੂਲ ਦੀ ਜਸਪ੍ਰੀਤ ਕੌਰ ਸਿੱਧੂ ਨੇ ਕੈਨੇਡਾ ਪੁਲਸ ਵਿਰੁੱਧ ਵੱਡਾ ਕਾਨੂੰਨੀ ਕਦਮ ਚੁੱਕਦਿਆਂ ਸੈਂਕੜਿਆਂ ਕਰੋੜ ਰੁਪਏ ਦੇ ਹਰਜਾਨੇ ਦਾ ਕੇਸ ਦਾਇਰ ਕੀਤਾ ਹੈ। ਜਸਪ੍ਰੀਤ ਦਾ ਦੋਸ਼ ਹੈ ਕਿ ਪੁਲਸ ਦੀ ਅਣਗਹਿਲੀ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਕਮੀ ਕਾਰਨ ਉਸਦੇ ਮਾਪਿਆਂ ਦੀ ਜਾਨ ਚਲੀ ਗਈ, ਜਦਕਿ ਉਹ ਖੁਦ ਵੀ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਕੇ ਮੌਤ ਦੇ ਮੂੰਹੋਂ ਬਚੀ।
ਅੰਮ੍ਰਿਤਸਰ ਤੋਂ ਬੱਚਿਆਂ ਨੂੰ ਮਿਲਣ ਗਏ ਸਨ ਮਾਪੇ
ਮਿਲੀ ਜਾਣਕਾਰੀ ਅਨੁਸਾਰ ਜਸਪ੍ਰੀਤ ਦੇ ਮਾਪੇ ਹਰਭਜਨ ਕੌਰ ਸਿੱਧੂ ਅਤੇ ਜਗਤਾਰ ਸਿੰਘ ਸਿੱਧੂ ਕੁਝ ਸਾਲ ਪਹਿਲਾਂ Amritsar ਤੋਂ ਕੈਨੇਡਾ ਆਪਣੇ ਬੱਚਿਆਂ ਨੂੰ ਮਿਲਣ ਲਈ ਗਏ ਸਨ। ਉਹ ਆਪਣੇ ਪੁੱਤਰ ਗੁਰਦਿੱਤ ਸਿੱਧੂ ਅਤੇ ਧੀ ਜਸਪ੍ਰੀਤ ਨਾਲ ਓਨਟਾਰੀਓ ਵਿੱਚ ਰਹਿ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਨਵੰਬਰ 2023 ਵਿੱਚ ਉਨ੍ਹਾਂ ਦੇ ਰਹਿਣ ਵਾਲੇ ਘਰ ‘ਤੇ ਕੁਝ ਹਮਲਾਵਰ ਇੱਕ ਵਿਅਕਤੀ ਦੀ ਭਾਲ ਕਰਦੇ ਹੋਏ ਪਹੁੰਚੇ ਅਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ।
ਹਮਲੇ ਵਿੱਚ ਮਾਪਿਆਂ ਦੀ ਮੌਤ, ਜਸਪ੍ਰੀਤ ਨੂੰ ਲੱਗੀਆਂ 13 ਗੋਲੀਆਂ
ਇਸ ਹਮਲੇ ਦੌਰਾਨ ਜਸਪ੍ਰੀਤ ਕੌਰ ਨੂੰ ਵੀ ਕਈ ਗੋਲੀਆਂ ਲੱਗੀਆਂ। ਗੋਲੀਆਂ ਉਸਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੀਆਂ, ਜਿਨ੍ਹਾਂ ਵਿੱਚ ਗਲਾ ਅਤੇ ਪੇਟ ਵੀ ਸ਼ਾਮਲ ਸਨ। ਇੱਕ ਗੋਲੀ ਰੀੜ੍ਹ ਦੀ ਹੱਡੀ ਕੋਲ ਫਸੀ ਰਹਿ ਗਈ। ਡਾਕਟਰਾਂ ਵੱਲੋਂ ਉਸਦਾ ਲੰਮਾ ਆਪ੍ਰੇਸ਼ਨ ਕੀਤਾ ਗਿਆ ਅਤੇ ਕਈ ਮਹੀਨਿਆਂ ਤੱਕ ਉਸਦਾ ਇਲਾਜ ਚੱਲਦਾ ਰਿਹਾ। ਗੰਭੀਰ ਨਸਾਂ ਦੇ ਨੁਕਸਾਨ ਕਾਰਨ ਉਹ ਅਜੇ ਵੀ ਆਮ ਜ਼ਿੰਦਗੀ ਜੀਣ ਤੋਂ ਅਸਮਰਥ ਦੱਸੀ ਜਾ ਰਹੀ ਹੈ।
ਪੁਲਸ ‘ਤੇ ਪਹਿਲਾਂ ਚੇਤਾਵਨੀ ਨਾ ਦੇਣ ਦੇ ਦੋਸ਼
ਜਸਪ੍ਰੀਤ ਦਾ ਕਹਿਣਾ ਹੈ ਕਿ ਸਥਾਨਕ ਪੁਲਸ ਨੇ ਨਾ ਤਾਂ ਉਸ ਇਲਾਕੇ ਨੂੰ ਖ਼ਤਰਨਾਕ ਦੱਸਿਆ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਸੰਭਾਵਿਤ ਹਮਲੇ ਬਾਰੇ ਪਹਿਲਾਂ ਸਚੇਤ ਕੀਤਾ। ਉਸਦੇ ਅਨੁਸਾਰ ਪੁਲਸ ਵੱਲੋਂ ਉਸ ਘਰ ਅਤੇ ਇਲਾਕੇ ਨੂੰ ਸੁਰੱਖਿਅਤ ਦੱਸਿਆ ਗਿਆ ਸੀ, ਜਿਸ ਕਾਰਨ ਉਸਦੇ ਮਾਪੇ ਉੱਥੇ ਆ ਕੇ ਰਹਿਣ ਲੱਗੇ ਸਨ।
ਅਦਾਲਤ ਦਾ ਦਰਵਾਜ਼ਾ ਖੜਕਾਇਆ, ਪੁਲਸ ਨੇ ਦੱਸਿਆ ‘ਦੁਰਭਾਗਪੂਰਨ ਘਟਨਾ’
ਜਸਪ੍ਰੀਤ ਕੌਰ ਨੇ ਆਪਣੇ ਵਕੀਲ Frederick Schumann ਰਾਹੀਂ 20 ਮਈ 2026 ਨੂੰ ਅਦਾਲਤ ਵਿੱਚ ਹਰਜਾਨੇ ਦਾ ਕੇਸ ਦਾਇਰ ਕੀਤਾ ਹੈ। ਦੂਜੇ ਪਾਸੇ ਕੈਨੇਡਾ ਪੁਲਸ ਨੇ ਇਸ ਘਟਨਾ ਨੂੰ ਦੁਖਦਾਈ ਅਤੇ ਗਲਤਫ਼ਹਿਮੀ ਦਾ ਨਤੀਜਾ ਕਰਾਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਖ਼ਤਰੇ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ।
ਮਾਮਲੇ ਨੇ ਕੈਨੇਡਾ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਖੜ੍ਹੇ ਕੀਤੇ ਸਵਾਲ
ਇਸ ਘਟਨਾ ਤੋਂ ਬਾਅਦ ਕੈਨੇਡਾ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਚਰਚਾ ਤੇਜ਼ ਹੋ ਗਈ ਹੈ। ਪੰਜਾਬੀ ਭਾਈਚਾਰੇ ਵਿੱਚ ਇਸ ਮਾਮਲੇ ਨੂੰ ਲੈ ਕੇ ਗਹਿਰਾ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ।

