ਅਮਰੀਕੀ ਰਾਸ਼ਟਰਪਤੀ ਨੇ ਰੂਸੀ ਤੇਲ ਮਾਮਲੇ ‘ਚ ਭਾਰਤ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ, ਵਧੇਰੇ ਟੈਰਿਫ ਲਾਉਣ ਦੇ ਸੰਕੇਤ
ਅਮਰੀਕਾ :- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿੱਚ ਸਿੱਧਾ ਭਾਰਤ ਨੂੰ ਨਿਸ਼ਾਨਾ ਬਣਾਇਆ ਹੈ। ਵ੍ਹਾਈਟ ਹਾਊਸ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਕਿ ਹੁਣੇ ਤਾਂ ਸਿਰਫ਼ 8 ਘੰਟੇ ਹੋਏ ਹਨ, ਪਰ ਆਉਣ ਵਾਲੇ ਸਮੇਂ ‘ਚ ਹੋਰ “ਸੈਕੰਡਰੀ ਟੈਰਿਫ” ਲੱਗਣ ਵਾਲੇ ਹਨ।
ਉਨ੍ਹਾਂ ਕਿਹਾ ਕਿ ਤੁਸੀਂ ਜਲਦੀ ਹੀ ਹੋਰ ਕਈ ਵੱਡੇ ਕਦਮ ਦੇਖੋਗੇ। ਇਹ ਬਿਆਨ ਉਸ ਸਵਾਲ ਦੇ ਜਵਾਬ ਵਿੱਚ ਆਇਆ ਜਿੱਥੇ ਟਰੰਪ ਤੋਂ ਪੁੱਛਿਆ ਗਿਆ ਕਿ ਰੂਸ ਨਾਲ ਵਪਾਰ ਕਰਦੇ ਹੋਏ ਸਿਰਫ਼ ਭਾਰਤ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਯੂਰਪ ਅਤੇ ਹੋਰ ਦੇਸ਼ ਵੀ ਅਜਿਹਾ ਕਰ ਰਹੇ ਹਨ।
ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਯੂਕਰੇਨ-ਰੂਸ ਯੁੱਧ ਖਤਮ ਹੋਣ ਤੋਂ ਬਾਅਦ ਭਾਰਤ ‘ਤੇ ਲਾਏ ਟੈਰਿਫ ਹਟਾਏ ਜਾਣਗੇ, ਉਨ੍ਹਾਂ ਨੇ ਕਿਹਾ, “ਉਸ ਵੇਲੇ ਵੇਖਾਂਗੇ, ਪਰ ਅੱਜ ਲਈ ਭਾਰਤ ਨੂੰ 50% ਟੈਰਿਫ ਦੇਣਾ ਪਵੇਗਾ।”
ਇਹ ਵੀ ਪੁੱਛਿਆ ਗਿਆ ਕਿ ਕੀ ਚੀਨ ‘ਤੇ ਵੀ ਇਨ੍ਹਾਂ ਜਿਹੀਆਂ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ? ਟਰੰਪ ਨੇ ਸਧੇ ਜਵਾਬ ਵਿੱਚ ਕਿਹਾ, “ਇਹ ਹੋ ਸਕਦਾ ਹੈ। ਇਹ ਨਿਰਭਰ ਕਰੇਗਾ ਕਿ ਅਸੀਂ ਕਿਵੇਂ ਅੱਗੇ ਵਧਦੇ ਹਾਂ।”
ਟਰੰਪ ਦੇ ਭਾਰਤ ਉੱਤੇ ਟੈਰਿਫ ਵਾਲੇ ਬਿਆਨ ਨੇ ਸਿਰਫ਼ ਭਾਰਤ ਹੀ ਨਹੀਂ, ਸਗੋਂ ਅਮਰੀਕਾ ਦੇ ਅੰਦਰ ਵੀ ਵਿਰੋਧ ਖੜ੍ਹਾ ਕਰ ਦਿੱਤਾ ਹੈ। ਰਿਪਬਲਿਕਨ ਪਾਰਟੀ ਦੀ ਅਗਵਾਈ ਕਰ ਰਹੀ ਨਿੱਕੀ ਹੇਲੀ ਨੇ ਵੀ ਟਰੰਪ ਦੇ ਫੈਸਲੇ ਉੱਤੇ ਸਵਾਲ ਉਠਾਏ ਹਨ ਤੇ ਕਿਹਾ ਹੈ ਕਿ ਭਾਰਤ ਵਰਗੇ ਸਾਥੀਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ।