‘ਅਜਿਹੇ ਗੰਭੀਰ ਮਾਮਲਿਆਂ ’ਚ ਪੈਰੋਲ ਨਹੀਂ ਮਿਲਣੀ ਚਾਹੀਦੀ’- ‘ਆਪ’ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ
ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਮਿਲ ਗਈ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਇਸ ਵਾਰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ। ਉਹ ਮੰਗਲਵਾਰ ਸਵੇਰੇ ਜੇਲ੍ਹ ਤੋਂ ਬਾਹਰ ਆਇਆ। ਸਾਲ 2017 ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਦੇ ਵਾਰ-ਵਾਰ ਜੇਲ੍ਹ ਤੋਂ ਬਾਹਰ ਆਉਣ ਨੂੰ ਲੈ ਕੇ ਮੁੜ ਸਿਆਸੀ ਸਵਾਲ ਉੱਠਣ ਲੱਗੇ ਹਨ।
‘17ਵੀਂ ਵਾਰ ਰਿਹਾਈ ਹੈਰਾਨ ਕਰਨ ਵਾਲੀ’
ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਰਾਮ ਰਹੀਮ ਦੀ ਫਰਲੋ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਸ ਨੂੰ ਹੁਣ ਤੱਕ 17 ਵਾਰ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲ ਚੁੱਕਾ ਹੈ, ਜੋ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਹਾਈਆਂ ਕਾਰਨ ਲੋਕਾਂ ਦੇ ਮਨ ਵਿੱਚ ਨਿਆਂ ਪ੍ਰਣਾਲੀ ਨੂੰ ਲੈ ਕੇ ਸਵਾਲ ਪੈਦਾ ਹੋ ਸਕਦੇ ਹਨ।
ਜਿੰਪਾ ਨੇ ਲਾਈ ‘ਸਿਆਸੀ ਫਰਲੋ’ ਦੀ ਗੱਲ
ਬ੍ਰਹਮ ਸ਼ੰਕਰ ਜਿੰਪਾ ਨੇ ਦੋਸ਼ ਲਾਇਆ ਕਿ ਰਾਮ ਰਹੀਮ ਨੂੰ ਵਾਰ-ਵਾਰ ਮਿਲ ਰਹੀ ਰਿਹਾਈ ਪਿੱਛੇ ਸਿਆਸੀ ਕਾਰਨ ਹੋਣ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰਾਮ ਰਹੀਮ ’ਤੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਮਾਮਲਿਆਂ ਵਿੱਚ ਸਜ਼ਾ ਹੋਈ ਹੈ, ਇਸ ਲਈ ਅਜਿਹੇ ਮਾਮਲਿਆਂ ਵਿੱਚ ਰਿਹਾਈ ਦੇ ਨਿਯਮਾਂ ’ਤੇ ਗੰਭੀਰਤਾ ਨਾਲ ਵਿਚਾਰ ਹੋਣਾ ਚਾਹੀਦਾ ਹੈ।
‘ਗੰਭੀਰ ਅਪਰਾਧਾਂ ਦੇ ਮਾਮਲਿਆਂ ’ਚ ਰਿਹਾਈ ’ਤੇ ਹੋਵੇ ਰੋਕ’
‘ਆਪ’ ਵਿਧਾਇਕ ਨੇ ਕਿਹਾ ਕਿ ਧਾਰਮਿਕ ਜਾਂ ਅਧਿਆਤਮਿਕ ਅਹੁਦੇ ’ਤੇ ਰਹਿਣ ਵਾਲੇ ਵਿਅਕਤੀ ’ਤੇ ਜਦੋਂ ਇੰਨੇ ਗੰਭੀਰ ਦੋਸ਼ ਸਾਬਤ ਹੁੰਦੇ ਹਨ ਤਾਂ ਮਾਮਲਾ ਹੋਰ ਵੀ ਸੰਵੇਦਨਸ਼ੀਲ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਅਦਾਲਤਾਂ ਨੂੰ ਵੀ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਲੋਕਾਂ ਦਾ ਕਾਨੂੰਨ ਤੇ ਨਿਆਂ ਪ੍ਰਣਾਲੀ ’ਤੇ ਭਰੋਸਾ ਬਣਾਈ ਰੱਖਣ ਲਈ ਉਚਿਤ ਪ੍ਰਬੰਧ ਹੋਣੇ ਚਾਹੀਦੇ ਹਨ।
ਫਰਲੋ ਦੌਰਾਨ ਸਿਰਸਾ ਆਸ਼ਰਮ ’ਚ ਰਹੇਗਾ ਰਾਮ ਰਹੀਮ
ਜਾਣਕਾਰੀ ਮੁਤਾਬਕ ਸੁਨਾਰੀਆ ਜ਼ਿਲ੍ਹਾ ਜੇਲ੍ਹ ਵੱਲੋਂ ਰਾਮ ਰਹੀਮ ਦੀ 21 ਦਿਨਾਂ ਦੀ ਫਰਲੋ ਮਨਜ਼ੂਰ ਕੀਤੀ ਗਈ ਹੈ। ਇਸ ਦੌਰਾਨ ਉਹ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁੱਖ ਆਸ਼ਰਮ ਵਿੱਚ ਰਹੇਗਾ। ਮੰਗਲਵਾਰ ਸਵੇਰੇ ਉਸ ਨੂੰ ਸੁਨਾਰੀਆ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ।
2017 ਤੋਂ ਬਾਅਦ 17ਵੀਂ ਵਾਰ ਜੇਲ੍ਹ ਤੋਂ ਬਾਹਰ
ਸਾਲ 2017 ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਹੁਣ ਤੱਕ 16 ਵਾਰ ਪੈਰੋਲ ਜਾਂ ਫਰਲੋ ’ਤੇ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। 21 ਦਿਨਾਂ ਦੀ ਮੌਜੂਦਾ ਫਰਲੋ ਉਸ ਦੀ 17ਵੀਂ ਰਿਹਾਈ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਵੀ ਉਸ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ।
ਦੋ ਸਾਧਵੀਆਂ ਨਾਲ ਜਬਰ-ਜਨਾਹ ਦੇ ਮਾਮਲੇ ’ਚ ਮਿਲੀ 20 ਸਾਲ ਦੀ ਸਜ਼ਾ
ਰਾਮ ਰਹੀਮ ਨੂੰ ਸਾਲ 2017 ਵਿੱਚ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ਦੀਆਂ ਦੋ ਸਾਧਵੀਆਂ ਨਾਲ ਜਬਰ-ਜਨਾਹ ਦੇ ਮਾਮਲੇ ਵਿੱਚ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਉਸ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ 10-10 ਸਾਲ ਦੀ ਸਜ਼ਾ ਸੁਣਾਈ ਗਈ। ਇਹ ਸਜ਼ਾਵਾਂ ਇਕੱਠੀਆਂ ਨਹੀਂ, ਸਗੋਂ ਇੱਕ ਤੋਂ ਬਾਅਦ ਇੱਕ ਭੁਗਤਣ ਦਾ ਹੁਕਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਹ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ।

