ਚੰਡੀਗੜ੍ਹ :- ਚੰਡੀਗੜ੍ਹ ਸਥਿਤ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਵਕੀਲਾਂ ਦੀ ‘ਨੋ ਵਰਕ’ ਹੜਤਾਲ ਅੱਜ 16 ਦਸੰਬਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਹਾਈਕੋਰਟ ਕੰਪਲੈਕਸ ਵਿੱਚ ਅਦਾਲਤੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਜਿਸ ਕਾਰਨ ਵੱਡੀ ਗਿਣਤੀ ਵਿੱਚ ਕੇਸਾਂ ਦੀ ਸੁਣਵਾਈ ਨਹੀਂ ਹੋ ਸਕੀ।
ਹਿਸਾਰ ’ਚ ਵਕੀਲ ਨਾਲ ਮਾਰ-ਕੁੱਟ ਦੇ ਦੋਸ਼
ਵਕੀਲਾਂ ਵੱਲੋਂ ਇਹ ਹੜਤਾਲ ਹਰਿਆਣਾ ਦੇ ਹਿਸਾਰ ਵਿੱਚ ਇੱਕ ਵਕੀਲ ਨਾਲ ਹੋਈ ਕਥਿਤ ਮਾਰ-ਕੁੱਟ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ। ਵਕੀਲ ਜਥੇਬੰਦੀਆਂ ਦਾ ਦੋਸ਼ ਹੈ ਕਿ ਹਰਿਆਣਾ ਪੁਲਸ ਦੇ ਕੁਝ ਕਰਮਚਾਰੀਆਂ ਨੇ ਡਿਊਟੀ ਦੌਰਾਨ ਇੱਕ ਵਕੀਲ ਨਾਲ ਬਦਸਲੂਕੀ ਕਰਦਿਆਂ ਉਸ ਦੀ ਪਿੱਟਾਈ ਕੀਤੀ, ਜੋ ਕਾਨੂੰਨ ਦੀ ਹਕੂਮਤ ਅਤੇ ਵਕੀਲ ਵਰਗੇ ਪ੍ਰਤੀ ਗੰਭੀਰ ਚੁਣੌਤੀ ਹੈ।
ਵਕੀਲ ਵਰਗ ਨੇ ਕਾਰਵਾਈ ਦੀ ਮੰਗ ਕੀਤੀ
ਹੜਤਾਲ ’ਤੇ ਬੈਠੇ ਵਕੀਲਾਂ ਨੇ ਮੰਗ ਕੀਤੀ ਹੈ ਕਿ ਘਟਨਾ ਵਿੱਚ ਸ਼ਾਮਲ ਪੁਲਸ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਵਕੀਲ ਨੂੰ ਇਨਸਾਫ਼ ਦਿੱਤਾ ਜਾਵੇ। ਵਕੀਲਾਂ ਦਾ ਕਹਿਣਾ ਹੈ ਕਿ ਜਦ ਤੱਕ ਦੋਸ਼ੀਆਂ ਖ਼ਿਲਾਫ਼ ਢੁਕਵੀਂ ਕਾਰਵਾਈ ਨਹੀਂ ਹੁੰਦੀ, ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ।
ਉਧਰ, ਹਾਈਕੋਰਟ ਵਿੱਚ ਕੰਮਕਾਜ ਠੱਪ ਹੋਣ ਕਾਰਨ ਆਮ ਮੁਕੱਦਮਾ ਬਾਜ਼ੀ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਕੀਲ ਜਥੇਬੰਦੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਾਮਲੇ ਦਾ ਤੁਰੰਤ ਨੋਟਿਸ ਲੈਣ ਦੀ ਅਪੀਲ ਕੀਤੀ ਹੈ।

