ਜੀਰਾ :- ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੀ ਜੀਰਾ ਦੀ ਸ਼ਰਾਬ ਫੈਕਟਰੀ ਖ਼ਿਲਾਫ਼ ਇਕ ਹੋਰ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਜਲੰਧਰ ਜ਼ੋਨ ਦੀ ਈਡੀ ਟੀਮ ਵੱਲੋਂ ਮੈਸਰਜ਼ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਨਾਲ ਸੰਬੰਧਿਤ 79.93 ਕਰੋੜ ਰੁਪਏ ਦੀ ਸੰਪਤੀ ਅਟੈਚ ਕੀਤੀ ਗਈ ਹੈ। ਇਹ ਕਾਰਵਾਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਕੀਤੀ ਗਈ ਹੈ।
ਗੰਦੇ ਪਾਣੀ ਦੀ ਗੈਰ-ਕਾਨੂੰਨੀ ਨਿਕਾਸੀ ਬਣੀ ਜਾਂਚ ਦੀ ਮੁੱਖ ਵਜ੍ਹਾ
ਸਾਂਝਾ ਮੋਰਚਾ ਜੀਰਾ ਦੇ ਆਗੂ ਰੋਮਨ ਬਰਾੜ ਨੇ ਦੱਸਿਆ ਕਿ ਈਡੀ ਨੇ ਇਹ ਜਾਂਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦਾਇਰ ਅਪਰਾਧਿਕ ਸ਼ਿਕਾਇਤ ਦੇ ਆਧਾਰ ’ਤੇ ਸ਼ੁਰੂ ਕੀਤੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਫੈਕਟਰੀ ਵੱਲੋਂ ਪਾਣੀ (ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ) ਐਕਟ, 1974 ਦੀ ਉਲੰਘਣਾ ਕਰਦਿਆਂ ਰਿਵਰਸ ਬੋਰਿੰਗ ਰਾਹੀਂ ਅਣ-ਪ੍ਰਮਾਣਿਤ ਗੰਦੇ ਪਾਣੀ ਨੂੰ ਡੂੰਘੇ ਜਲ ਭੰਡਾਰਾਂ ਵਿੱਚ ਸੁੱਟਿਆ ਜਾ ਰਿਹਾ ਸੀ।
ਈਡੀ ਦੀ ਜਾਂਚ ’ਚ ਵੱਡੇ ਵਾਤਾਵਰਣਕ ਨੁਕਸਾਨ ਦੇ ਸਬੂਤ
ਈਡੀ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਮਨਸੂਰਵਾਲ (ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ) ਵਿੱਚ ਸਥਿਤ ਉਦਯੋਗਿਕ ਇਕਾਈ ਨੇ ਜਾਣਬੁੱਝ ਕੇ ਗੁਪਤ ਤਰੀਕਿਆਂ ਨਾਲ ਗੰਦੇ ਪਾਣੀ ਨੂੰ ਜ਼ਮੀਨ, ਨਾਲੀਆਂ ਅਤੇ ਨੇੜਲੀ ਖੰਡ ਮਿੱਲ ਵੱਲ ਛੱਡਿਆ। ਇਸ ਨਾਲ ਨਾ ਸਿਰਫ਼ ਜ਼ਮੀਨੀ ਪਾਣੀ ਪ੍ਰਦੂਸ਼ਿਤ ਹੋਇਆ, ਸਗੋਂ ਫਸਲਾਂ ਦੇ ਨੁਕਸਾਨ, ਪਸ਼ੂਆਂ ਦੀ ਮੌਤ ਅਤੇ ਸਥਾਨਕ ਵਸਨੀਕਾਂ ਦੀ ਸਿਹਤ ’ਤੇ ਵੀ ਗੰਭੀਰ ਪ੍ਰਭਾਵ ਪਏ।
ਪਹਿਲਾਂ ਵੀ ਹੋ ਚੁੱਕੀ ਸੀ ਛਾਪੇਮਾਰੀ, ਨਕਦੀ ਜ਼ਬਤ
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਈਡੀ ਨੇ 16 ਜੁਲਾਈ 2024 ਨੂੰ ਛੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਉਸ ਦੌਰਾਨ ਪੀਐਮਐਲਏ ਐਕਟ, 2002 ਦੇ ਤਹਿਤ ਫੈਕਟਰੀ ਅਤੇ ਇਸਦੇ ਡਾਇਰੈਕਟਰਾਂ ਨਾਲ ਸੰਬੰਧਿਤ ਥਾਵਾਂ ਤੋਂ 78.15 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਸੀ।
ਮਾਮਲੇ ’ਤੇ ਨਜ਼ਰ, ਹੋਰ ਕਾਰਵਾਈ ਦੇ ਸੰਕੇਤ
ਈਡੀ ਵੱਲੋਂ ਕੀਤੀ ਗਈ ਇਹ ਤਾਜ਼ਾ ਕਾਰਵਾਈ ਸਪੱਸ਼ਟ ਕਰਦੀ ਹੈ ਕਿ ਵਾਤਾਵਰਣ ਨਾਲ ਖਿਡਾਰ ਕਰਨ ਵਾਲਿਆਂ ਖ਼ਿਲਾਫ਼ ਕੇਂਦਰੀ ਏਜੰਸੀਆਂ ਹੁਣ ਸਖ਼ਤ ਰੁਖ ਅਪਣਾਉਣ ਦੇ ਮੂਡ ਵਿੱਚ ਹਨ। ਮਾਮਲੇ ਵਿੱਚ ਹੋਰ ਖੁਲਾਸਿਆਂ ਅਤੇ ਅਗਲੀ ਕਾਨੂੰਨੀ ਕਾਰਵਾਈ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

