ਚੰਡੀਗੜ੍ਹ :- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ 21 ਦਿਨਾਂ ਦੀ ਫ਼ਰਲੋ ਮਿਲਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਰਾਮ ਰਹੀਮ ਦੀ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਉਣ ’ਤੇ ਜਥੇਦਾਰ ਗੜਗੱਜ ਨੇ ਤਿੱਖਾ ਵਿਰੋਧ ਜਤਾਉਂਦਿਆਂ ਸਰਕਾਰਾਂ ’ਤੇ ਕਥਿਤ ਤੌਰ ’ਤੇ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਰਾਮ ਰਹੀਮ ਨੂੰ ਵਾਰ-ਵਾਰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਮਿਲ ਰਹੀ ਹੈ, ਜਦਕਿ ਕਈ ਬੰਦੀ ਸਿੰਘ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਹਨ।
ਰਾਮ ਰਹੀਮ ਨੂੰ ਪਿਕਨਿਕ ਵਾਂਗ ਵਾਰ-ਵਾਰ ਜੇਲ੍ਹ ਤੋਂ ਬਾਹਰ ਭੇਜਿਆ ਜਾ ਰਿਹਾ’
ਜਥੇਦਾਰ ਗੜਗੱਜ ਨੇ ਰਾਮ ਰਹੀਮ ਨੂੰ ਮਿਲੀ ਫ਼ਰਲੋ ਤੇ ਸਖ਼ਤ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਸ ਨੂੰ ਵਾਰ-ਵਾਰ ਜੇਲ੍ਹ ਤੋਂ ਬਾਹਰ ਭੇਜਿਆ ਜਾ ਰਿਹਾ ਹੈ, ਜਿਵੇਂ ਇਹ ਕੋਈ ਆਮ ਪਿਕਨਿਕ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਅਤੇ ਪੈਰੋਲ-ਫ਼ਰਲੋ ਦੇ ਮਾਮਲੇ ਵਿੱਚ ਸਾਰਿਆਂ ਲਈ ਇੱਕੋ ਜਿਹੇ ਮਾਪਦੰਡ ਹੋਣੇ ਚਾਹੀਦੇ ਹਨ।
‘ਬੰਦੀ ਸਿੰਘ 35-35 ਸਾਲਾਂ ਤੋਂ ਜੇਲ੍ਹਾਂ ’ਚ, ਪੈਰੋਲ ਵੀ ਨਹੀਂ’
ਜਥੇਦਾਰ ਗੜਗੱਜ ਨੇ ਕਿਹਾ ਕਿ ਕਈ ਬੰਦੀ ਸਿੰਘ 35-35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਪਰ ਉਨ੍ਹਾਂ ਨੂੰ ਰਿਹਾਈ ਤਾਂ ਦੂਰ ਦੀ ਗੱਲ, ਕਈ ਵਾਰ ਪੈਰੋਲ ਤੱਕ ਨਹੀਂ ਮਿਲਦੀ। ਉਨ੍ਹਾਂ ਇਸ ਮਾਮਲੇ ਵਿੱਚ ਜਗਤਾਰ ਸਿੰਘ ਹਵਾਰਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹਵਾਰਾ ਨੂੰ ਅਜੇ ਤੱਕ ਪੈਰੋਲ ਨਹੀਂ ਮਿਲੀ ਅਤੇ ਬਿਮਾਰ ਮਾਂ ਨੂੰ ਮਿਲਣ ਲਈ ਵੀ ਪੈਰੋਲ ਨਾ ਦਿੱਤੇ ਜਾਣ ’ਤੇ ਸਵਾਲ ਖੜ੍ਹੇ ਹੁੰਦੇ ਹਨ।
21 ਦਿਨਾਂ ਦੀ ਫ਼ਰਲੋ ’ਤੇ ਬਾਹਰ ਆਇਆ ਰਾਮ ਰਹੀਮ
ਗੁਰਮੀਤ ਰਾਮ ਰਹੀਮ ਨੂੰ ਇਸ ਵਾਰ 21 ਦਿਨਾਂ ਦੀ ਫ਼ਰਲੋ ਮਨਜ਼ੂਰ ਹੋਈ ਹੈ। ਉਹ ਮੰਗਲਵਾਰ ਸਵੇਰੇ ਹਰਿਆਣਾ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਸਾਲ 2017 ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ ਉਸ ਦਾ 17ਵਾਂ ਮੌਕਾ ਹੈ ਜਦੋਂ ਉਹ ਪੈਰੋਲ ਜਾਂ ਫ਼ਰਲੋ ਰਾਹੀਂ ਜੇਲ੍ਹ ਤੋਂ ਬਾਹਰ ਆਇਆ ਹੈ। ਰਾਮ ਰਹੀਮ ਨੂੰ ਵਾਰ-ਵਾਰ ਮਿਲ ਰਹੀ ਰਿਹਾਈ ਨੂੰ ਲੈ ਕੇ ਪਹਿਲਾਂ ਵੀ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਸਵਾਲ ਉੱਠਦੇ ਰਹੇ ਹਨ।
ਸਿਰਸਾ ਦੇ ਡੇਰਾ ਆਸ਼ਰਮ ’ਚ ਰਹੇਗਾ ਰਾਮ ਰਹੀਮ
ਜਾਣਕਾਰੀ ਅਨੁਸਾਰ 21 ਦਿਨਾਂ ਦੀ ਫ਼ਰਲੋ ਦੌਰਾਨ ਰਾਮ ਰਹੀਮ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁੱਖ ਆਸ਼ਰਮ ਵਿੱਚ ਰਹੇਗਾ। ਉਹ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।
2017 ਤੋਂ ਬਾਅਦ 17ਵੀਂ ਵਾਰ ਜੇਲ੍ਹ ਤੋਂ ਬਾਹਰ
ਰਾਮ ਰਹੀਮ ਨੂੰ ਸਾਲ 2017 ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੁਣ ਤੱਕ ਕਈ ਵਾਰ ਪੈਰੋਲ ਅਤੇ ਫ਼ਰਲੋ ਮਿਲ ਚੁੱਕੀ ਹੈ। ਇਸ ਵਾਰ 21 ਦਿਨਾਂ ਦੀ ਫ਼ਰਲੋ ਮਿਲਣ ਤੋਂ ਬਾਅਦ ਉਹ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਇਸ ਦੇ ਨਾਲ ਹੀ ਉਸ ਦੀ ਵਾਰ-ਵਾਰ ਹੋ ਰਹੀ ਰਿਹਾਈ ਅਤੇ ਦੂਜੇ ਪਾਸੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਰਾਹਤ ਨਾ ਮਿਲਣ ਦਾ ਮੁੱਦਾ ਮੁੜ ਚਰਚਾ ਵਿੱਚ ਆ ਗਿਆ ਹੈ।

