ਅਮਰੀਕਾ :- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਪੰਜਾਬੀ ਮੂਲ ਦੀ ਜੈਸਮੀਨ ਔਜਲਾ ਗਿੱਲ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਪਤੀ ਗੁਰਿੰਦਰ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਹੈ। ਜੈਸਮੀਨ 30 ਸਤੰਬਰ ਤੋਂ ਲਾਪਤਾ ਸੀ ਅਤੇ 1 ਅਕਤੂਬਰ ਨੂੰ ਉਸ ਦੀ ਲਾਸ਼ ਐਲ ਡੋਰਾਡੋ ਕਾਊਂਟੀ ਇਲਾਕੇ ਵਿੱਚੋਂ ਮਿਲੀ ਸੀ। ਲਾਸ਼ ਬੁਰੀ ਤਰ੍ਹਾਂ ਸੜੀ ਹੋਣ ਕਾਰਨ ਉਸ ਦੀ ਪਛਾਣ ਕਰਨ ਵਿੱਚ ਮੁਸ਼ਕਲ ਆਈ। ਬਾਅਦ ਵਿੱਚ ਫੋਰੈਂਸਿਕ ਜਾਂਚ ਰਾਹੀਂ ਉਸ ਦੀ ਪਛਾਣ ਦੀ ਪੁਸ਼ਟੀ ਹੋਈ।
ICE ਵੱਲੋਂ ਹਿਰਾਸਤ ਵਿੱਚ ਲੈਣ ਦਾ ਦਾਅਵਾ
ਜਾਂਚ ਦੌਰਾਨ ਗੁਰਿੰਦਰ ਗਿੱਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਡਾਕ ਦੇਖਣ ਘਰੋਂ ਬਾਹਰ ਗਈ ਸੀ, ਜਿੱਥੇ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀ ਉਸ ਨੂੰ ਆਪਣੇ ਨਾਲ ਲੈ ਗਏ। ਪੁਲਿਸ ਨੇ ਇਸ ਦਾਅਵੇ ਦੀ ਜਾਂਚ ਲਈ ਸਬੰਧਤ ਵਿਭਾਗ ਨਾਲ ਸੰਪਰਕ ਕੀਤਾ, ਪਰ ਵਿਭਾਗ ਨੇ ਉਸ ਪਤੇ ਤੋਂ ਜੈਸਮੀਨ ਨੂੰ ਹਿਰਾਸਤ ਵਿੱਚ ਲੈਣ ਦੀ ਕਿਸੇ ਕਾਰਵਾਈ ਤੋਂ ਇਨਕਾਰ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਗੁਰਿੰਦਰ ਦੇ ਬਿਆਨਾਂ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ।
ਤਲਾਕ ਅਤੇ ਬੱਚੇ ਦੀ ਦੇਖਭਾਲ ਨੂੰ ਲੈ ਕੇ ਸੀ ਵਿਵਾਦ
ਜਾਂਚ ਵਿੱਚ ਸਾਹਮਣੇ ਆਇਆ ਕਿ ਜੈਸਮੀਨ ਅਤੇ ਉਸ ਦੇ ਪਤੀ ਵਿਚਕਾਰ ਤਲਾਕ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਕਾਨੂੰਨੀ ਵਿਵਾਦ ਚੱਲ ਰਿਹਾ ਸੀ। ਜੈਸਮੀਨ ਦੇ ਚਚੇਰੇ ਭਰਾ ਨੇ 4 ਅਕਤੂਬਰ ਨੂੰ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਨੇ ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਦੇ ਆਧਾਰ ’ਤੇ ਗੁਰਿੰਦਰ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ।
14 ਅਕਤੂਬਰ ਨੂੰ ਹੋਈ ਗ੍ਰਿਫ਼ਤਾਰੀ: ਸੈਕਰਾਮੈਂਟੋ ਕਾਊਂਟੀ ਪੁਲਿਸ ਨੇ ਗੁਰਿੰਦਰ ਗਿੱਲ ਨੂੰ 14 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਦੀ ਜਾਂਚ ਤਹਿਤ ਉਸ ਨਾਲ ਜੁੜੀਆਂ ਦੋ ਰਿਹਾਇਸ਼ਾਂ ਦੀ ਤਲਾਸ਼ੀ ਵੀ ਲਈ ਗਈ ਹੈ। ਪੁਲਿਸ ਵੱਲੋਂ ਮਾਮਲੇ ਨਾਲ ਸਬੰਧਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਗੁਰਿੰਦਰ ਗਿੱਲ ਵਿਰੁੱਧ ਲੱਗੇ ਦੋਸ਼ਾਂ ਬਾਰੇ ਅੰਤਿਮ ਫ਼ੈਸਲਾ ਅਦਾਲਤ ਵੱਲੋਂ ਕੀਤਾ ਜਾਵੇਗਾ। ਪੁਲਿਸ ਦੀ ਜਾਂਚ ਹਾਲੇ ਜਾਰੀ ਹੈ।