ਅੰਮ੍ਰਿਤਸਰ :- ਅੰਮ੍ਰਿਤਸਰ ਸ਼ਹਿਰ ਵਿੱਚ ਜਲੰਧਰ ਵਰਗੀ ਇੱਕ ਹੋਰ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਮਾਜ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਥਾਣਾ ਡੀ ਡਵੀਜ਼ਨ ਦੇ ਅਧੀਨ ਆਉਂਦੇ ਇਲਾਕੇ ਵਿੱਚ ਰਹਿੰਦੇ ਇੱਕ 60 ਸਾਲਾ ਬਜ਼ੁਰਗ ’ਤੇ ਗੁਆਂਢ ਵਿੱਚ ਵੱਸਦੇ 10 ਸਾਲਾ ਮਾਸੂਮ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਦੇ ਗੰਭੀਰ ਦੋਸ਼ ਲੱਗੇ ਹਨ। ਘਟਨਾ ਮਗਰੋਂ ਪੀੜਤ ਬੱਚੇ ਦੇ ਪਰਿਵਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਗੁਹਾਰ ਲਗਾਈ ਹੈ।
ਪਤੰਗ ਲੈਣ ਦੇ ਬਹਾਨੇ ਘਰ ਗਿਆ ਬੱਚਾ, ਇਕੱਲੇਪਨ ਦਾ ਫਾਇਦਾ ਚੁੱਕਣ ਦਾ ਦੋਸ਼
ਪੀੜਤ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਤੰਗ ਲੈਣ ਲਈ ਗੁਆਂਢੀ ਦੇ ਘਰ ਗਿਆ ਸੀ, ਜੋ ਘਰ ਵਿੱਚ ਇਕੱਲਾ ਰਹਿੰਦਾ ਹੈ। ਦੋਸ਼ ਹੈ ਕਿ ਬਜ਼ੁਰਗ ਨੇ ਮੌਕਾ ਦੇਖ ਕੇ ਬੱਚੇ ਨੂੰ ਕਾਬੂ ਕਰ ਲਿਆ ਅਤੇ ਉਸ ਨਾਲ ਘਿਨੌਣੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਬੱਚੇ ਨੇ ਹਿੰਮਤ ਦਿਖਾਉਂਦਿਆਂ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਅਤੇ ਘਰ ਪਹੁੰਚ ਕੇ ਪਰਿਵਾਰ ਨੂੰ ਸਾਰੀ ਘਟਨਾ ਬਾਰੇ ਦੱਸਿਆ।
ਪਹਿਲਾਂ ਵੀ ਡਰਾਉਣ-ਧਮਕਾਉਣ ਦੇ ਦੋਸ਼, ਹੁਣ ਖੁਲਾਸਾ
ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਪਹਿਲਾਂ ਵੀ ਬੱਚੇ ਨੂੰ ਡਰਾਉਂਦਾ ਅਤੇ ਗਲਤ ਹਰਕਤਾਂ ਕਰਦਾ ਰਿਹਾ ਹੈ, ਪਰ ਡਰ ਕਾਰਨ ਬੱਚਾ ਖਾਮੋਸ਼ ਸੀ। ਇਸ ਵਾਰ ਹੌਸਲਾ ਕਰਕੇ ਬੱਚੇ ਨੇ ਸੱਚ ਸਾਹਮਣੇ ਰੱਖਿਆ, ਜਿਸ ਤੋਂ ਬਾਅਦ ਇਲਾਕਾ ਵਾਸੀਆਂ ਦੀ ਮਦਦ ਨਾਲ ਮੁਲਜ਼ਮ ਨੂੰ ਪੁਲਸ ਹਵਾਲੇ ਕੀਤਾ ਗਿਆ।
ਪੁਲਸ ਵੱਲੋਂ ਜਾਂਚ ਸ਼ੁਰੂ, ਸਖ਼ਤ ਕਾਰਵਾਈ ਦੇ ਭਰੋਸੇ
ਮਾਮਲੇ ਸਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਬੱਚੇ ਦੇ ਬਿਆਨ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

