ਨਵੀਂ ਦਿੱਲੀ :- ਪਾਲਘਰ ਪੂਰਬ ਵਿੱਚ ਸ਼ੁੱਕਰਵਾਰ ਨੂੰ ਇੱਕ ਦੁਖਦਾਈ ਹਾਦਸਾ ਵਾਪਰਿਆ, ਜਦੋਂ ਇੱਕ ਛੋਟੀ ਫੈਕਟਰੀ ਵਿੱਚ ਰਸਾਇਣਕ ਧਮਾਕੇ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖ਼ਮੀ ਹੋ ਗਏ। ਇਹ ਧਮਾਕਾ ਲਿੰਬਾਨੀ ਸਾਲਟ ਇੰਡਸਟਰੀਜ਼ ਨਾਮਕ ਯੂਨਿਟ ਵਿੱਚ ਹੋਇਆ, ਜੋ ਲੈਬੋਰਟਰੀ ਲਈ ਕੈਮੀਕਲ ਤਿਆਰ ਕਰਨ ਦਾ ਕੰਮ ਕਰਦੀ ਸੀ।
ਪਾਲਘਰ ਪੁਲਿਸ ਅਧਿਕਾਰੀਆਂ ਮੁਤਾਬਕ, ਧਮਾਕਾ ਆਮ ਕੰਮਕਾਜ ਦੇ ਸਮੇਂ ਦੌਰਾਨ ਵਾਪਰਿਆ ਜਦੋਂ ਅੰਦਰ ਪੰਜ ਮਜ਼ਦੂਰ ਕੰਮ ਕਰ ਰਹੇ ਸਨ। ਹਾਲਾਂਕਿ ਧਮਾਕੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ, ਪਰ ਸ਼ੁਰੂਆਤੀ ਜਾਂਚਾਂ ਦੱਸਦੀਆਂ ਹਨ ਕਿ ਇਹ ਕੈਮੀਕਲ ਮਿਕਸਿੰਗ ਪ੍ਰਕਿਰਿਆ ਦੌਰਾਨ ਵਾਪਰਿਆ ਹੋ ਸਕਦਾ ਹੈ।
ਇੱਕ ਦੀ ਮੌਤ, ਚਾਰ ਹਸਪਤਾਲ ‘ਚ ਦਾਖ਼ਲ
ਐਮਰਜੈਂਸੀ ਟੀਮ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚ ਗਈ। ਇੱਕ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਚਾਰ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਬੁਲਾਰੇ ਨੇ ਦੱਸਿਆ ਕਿ, “ਇਹ ਛੋਟੀ ਫੈਕਟਰੀ ਸੀ ਜੋ ਲੈਬੋਰਟਰੀ ਕੈਮੀਕਲ ਬਨਾਉਂਦੀ ਸੀ। ਪੰਜ ਲੋਕ ਅੰਦਰ ਮੌਜੂਦ ਸਨ, ਇੱਕ ਦੀ ਜਾਨ ਗਈ ਹੈ ਤੇ ਹੋਰ ਚਾਰ ਇਲਾਜ ਅਧੀਨ ਹਨ।”
ਜਾਂਚ ਜਾਰੀ
ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮ ਅਤੇ ਸੇਫਟੀ ਇੰਸਪੈਕਟਰ ਜਲਦੀ ਹੀ ਮੌਕੇ ‘ਤੇ ਪਹੁੰਚ ਕੇ ਪਤਾ ਲਗਾਉਣਗੇ ਕਿ ਉਦਯੋਗਿਕ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ।
ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ ਅਤੇ ਧਮਾਕੇ ਨੂੰ ਫੈਲਣ ਤੋਂ ਰੋਕ ਦਿੱਤਾ, ਜਿਸ ਨਾਲ ਆਸਪਾਸ ਦੇ ਇਲਾਕੇ ਨੂੰ ਵੱਡੇ ਨੁਕਸਾਨ ਤੋਂ ਬਚਾ ਲਿਆ ਗਿਆ।