ਚੰਡੀਗੜ੍ਹ :- ਪੰਜਾਬ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਨੇ ਹੜ੍ਹ-ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਆਪਣੀ ਯਥਾਸ਼ਕਤ ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਵਕਤ ਉਹ ਆਪਣੇ ਕੰਮ ਕਾਰਜਾਂ ਦੇ ਮੱਦੇਨਜ਼ਰ ਕੈਨੇਡਾ ਵਿੱਚ ਹਨ, ਜਿੱਥੇ ਉਨ੍ਹਾਂ ਨੇ ਆਪਣੇ ਵਿੰਨੀਪੈਗ ਸ਼ੋਅਜ਼ ਦੀ ਸਮੁੱਚੀ ਕਮਾਈ ਹੜ੍ਹ ਪੀੜਤਾਂ ਲਈ ਦਾਨ ਕਰਨ ਦਾ ਐਲਾਨ ਕੀਤਾ।
ਗਾਇਕ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ “ਆਓ ਸਾਰੇ ਰਲ ਕੇ ਪੰਜਾਬ-ਪੰਜਾਬੀਅਤ ਲਈ ਅੱਗੇ ਆਈਏ ਅਤੇ ਹੜ੍ਹ ਪੀੜਤਾਂ ਦੀ ਵਧ ਤੋਂ ਵਧ ਸਹਾਇਤਾ ਕਰੀਏ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਬੇਜ਼ੁਬਾਨ ਪਸ਼ੂਆਂ ਦੀ ਸੁਰੱਖਿਆ ਦਾ ਵੀ ਖਿਆਲ ਰੱਖਿਆ ਜਾਵੇ।
ਹਾਲਾਤ ਬਹੁਤ ਗੰਭੀਰ
ਬੱਬੂ ਮਾਨ ਦੇ ਨੇੜਲੇ ਸਾਥੀ ਮੁਨੀਸ਼ ਸ਼ਰਮਾ ਅਤੇ ਤਜਿੰਦਰ ਸਿੰਘ ਨਿੱਝਰ ਨੇ ਦੱਸਿਆ ਕਿ ਬਿਆਸ ਦਰਿਆ ਦੇ ਨਜ਼ਦੀਕ ਖੇਤਰਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਝੋਨੇ ਦੀਆਂ ਫਸਲਾਂ ਬੁਰੀ ਤਰ੍ਹਾਂ ਨੁਕਸਾਨੀ ਹੋ ਗਈਆਂ ਹਨ, ਘਰਬਾਰ ਤਬਾਹ ਹੋ ਗਏ ਹਨ ਅਤੇ ਪਸ਼ੂ ਵੀ ਜ਼ਿਆਦਾਤਰ ਮਰ ਗਏ ਜਾਂ ਤੇਜ਼ ਪਾਣੀ ਦੇ ਬਹਾਅ ਵਿਚ ਰੁੜ੍ਹ ਗਏ। ਲੋਕ ਦਿਨ ਕੱਟਣ ਲਈ ਸੜਕਾਂ ਉੱਤੇ ਰਹਿਣ ਮਜ਼ਬੂਰ ਹੋ ਗਏ ਹਨ।
ਰਾਹਤ ਕਾਰਜ ਅਤੇ ਸਹਿਯੋਗ ਦੀ ਅਪੀਲ
ਉਨ੍ਹਾਂ ਦੱਸਿਆ ਕਿ ਬੱਬੂ ਮਾਨ ਨੂੰ ਵਿਦੇਸ਼ ਤੋਂ ਇਹ ਸਿਫਾਰਸ਼ ਮਿਲੀ ਸੀ ਕਿ ਜਿੱਥੇ ਸਬ ਤੋਂ ਜ਼ਿਆਦਾ ਜ਼ਰੂਰਤ ਹੋਵੇ, ਉਥੇ ਜਾਕੇ ਸਹਾਇਤਾ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਕਿੰਤੂ-ਪ੍ਰੰਤੂ ਕਰਨ ਦਾ ਨਹੀਂ, ਬਲਕਿ ਦੁੱਖ ਦੀ ਘੜੀ ਹੈ, ਜਿਸ ਵਿੱਚ ਹੜ੍ਹ ਪੀੜਤਾਂ ਦੀ ਇੱਕਜੁੱਟਤਾ ਵਿਖਾਉਂਦਿਆਂ ਸਹਾਇਤਾ ਕਰਨ ਦੀ ਜ਼ਰੂਰਤ ਹੈ।