ਨਵੀਂ ਦਿੱਲੀ :- ਆਈਪੀਐਲ 2026 ਦੇ ਲੀਗ ਪੜਾਅ ਵਿੱਚ ਅੱਜ ਇਕ ਹੋਰ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲੇਗਾ, ਜਿੱਥੇ ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਆਮਨੇ-ਸਾਮਨੇ ਹੋਣਗੀਆਂ। ਇਹ ਮੁਕਾਬਲਾ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਦੀ ਸ਼ੁਰੂਆਤ ਸ਼ਾਮ 7:30 ਵਜੇ ਹੋਵੇਗੀ, ਜਦਕਿ ਟਾਸ਼ ਅੱਧਾ ਘੰਟਾ ਪਹਿਲਾਂ ਕਰਵਾਇਆ ਜਾਵੇਗਾ।
ਪਲੇਆਫ ਦੀ ਉਮੀਦਾਂ ਜਿੰਦਾ ਰੱਖਣ ਲਈ ਜਿੱਤ ਜ਼ਰੂਰੀ
ਲੀਗ ਪੜਾਅ ਅਖੀਰਲੇ ਮੋੜ ‘ਤੇ ਪਹੁੰਚ ਚੁੱਕਾ ਹੈ ਅਤੇ ਹੁਣ ਹਰ ਮੈਚ ਦਾ ਨਤੀਜਾ ਅੰਕ ਸੂਚੀ ‘ਤੇ ਸਿੱਧਾ ਅਸਰ ਪਾ ਰਿਹਾ ਹੈ। ਅਜਿਹੇ ਵਿੱਚ ਚੇਨਈ ਅਤੇ ਹੈਦਰਾਬਾਦ ਦੋਵਾਂ ਲਈ ਇਹ ਮੁਕਾਬਲਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਪੰਜ ਵਾਰ ਦੀ ਚੈਂਪੀਅਨ ਚੇਨਈ ਇਸ ਵੇਲੇ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਕਾਬਜ਼ ਹੈ, ਜਦਕਿ ਹੈਦਰਾਬਾਦ ਦੀ ਟੀਮ ਤੀਜੇ ਨੰਬਰ ‘ਤੇ ਮੌਜੂਦ ਹੈ।
ਲਖਨਊ ਹਾਰ ਤੋਂ ਬਾਅਦ ਦਬਾਅ ‘ਚ ਚੇਨਈ
ਚੇਨਈ ਸੁਪਰ ਕਿੰਗਜ਼ ਆਪਣਾ ਪਿਛਲਾ ਮੁਕਾਬਲਾ ਲਖਨਊ ਖ਼ਿਲਾਫ਼ ਹਾਰ ਗਈ ਸੀ, ਜਿਸ ਨਾਲ ਟੀਮ ਦੇ ਨੈੱਟ ਰਨ ਰੇਟ ਨੂੰ ਵੀ ਝਟਕਾ ਲੱਗਾ। ਹੁਣ ਟੀਮ ਲਈ ਬਾਕੀ ਰਹਿੰਦੇ ਦੋਵੇਂ ਮੈਚ ਜਿੱਤਣਾ ਲਗਭਗ ਲਾਜ਼ਮੀ ਬਣ ਗਿਆ ਹੈ। ਸੀਜ਼ਨ ਦੀ ਸ਼ੁਰੂਆਤ ਚੇਨਈ ਲਈ ਬਿਲਕੁਲ ਨਿਰਾਸ਼ਾਜਨਕ ਰਹੀ ਸੀ, ਜਿੱਥੇ ਟੀਮ ਨੂੰ ਲਗਾਤਾਰ ਤਿੰਨ ਹਾਰਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਤੋਂ ਬਾਅਦ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਅਗਲੇ ਮੈਚਾਂ ਵਿੱਚ ਜਿੱਤਾਂ ਦਰਜ ਕੀਤੀਆਂ ਅਤੇ ਪਲੇਆਫ ਦੀ ਦੌੜ ਵਿੱਚ ਆਪਣੇ ਆਪ ਨੂੰ ਕਾਇਮ ਰੱਖਿਆ।
12 ਅੰਕਾਂ ਨਾਲ ਛੇਵੇਂ ਸਥਾਨ ‘ਤੇ ਚੇਨਈ
ਚੇਨਈ ਨੇ ਹੁਣ ਤੱਕ ਖੇਡੇ 12 ਮੈਚਾਂ ਵਿੱਚੋਂ 6 ਜਿੱਤ ਅਤੇ 6 ਹਾਰਾਂ ਦਰਜ ਕੀਤੀਆਂ ਹਨ। ਟੀਮ ਦੇ ਖਾਤੇ ਵਿੱਚ ਇਸ ਵੇਲੇ 12 ਅੰਕ ਹਨ। ਪਰ ਨੈੱਟ ਰਨ ਰੇਟ ਕਮਜ਼ੋਰ ਹੋਣ ਕਾਰਨ ਟੀਮ ਲਈ ਸਥਿਤੀ ਹੋਰ ਮੁਸ਼ਕਲ ਬਣ ਗਈ ਹੈ।
ਹੈਦਰਾਬਾਦ ਦੀ ਨਜ਼ਰ ਪਲੇਆਫ ਟਿਕਟ ‘ਤੇ
ਦੂਜੇ ਪਾਸੇ ਪੈਟ ਕਮਿੰਸ ਦੀ ਅਗਵਾਈ ਹੇਠ ਸਨਰਾਈਜ਼ਰਜ਼ ਹੈਦਰਾਬਾਦ ਦਾ ਪ੍ਰਦਰਸ਼ਨ ਇਸ ਸੀਜ਼ਨ ਵਿੱਚ ਕਾਫ਼ੀ ਸੰਤੁਲਿਤ ਰਿਹਾ ਹੈ। ਟੀਮ ਨੇ ਆਪਣੇ 12 ਮੁਕਾਬਲਿਆਂ ਵਿੱਚੋਂ 7 ਜਿੱਤ ਕੇ 14 ਅੰਕ ਹਾਸਲ ਕੀਤੇ ਹਨ ਅਤੇ ਇਸ ਵੇਲੇ ਤੀਜੇ ਸਥਾਨ ‘ਤੇ ਹੈ। ਅੱਜ ਦਾ ਮੈਚ ਜਿੱਤਣ ਨਾਲ ਹੈਦਰਾਬਾਦ ਦੇ 16 ਅੰਕ ਹੋ ਜਾਣਗੇ, ਜਿਸ ਨਾਲ ਟੀਮ ਪਲੇਆਫ ਵਿੱਚ ਜਗ੍ਹਾ ਬਣਾਉਣ ਦੇ ਬਹੁਤ ਨੇੜੇ ਪਹੁੰਚ ਜਾਵੇਗੀ।
ਚੇਪਾਕ ਦੀ ਪਿੱਚ ‘ਤੇ ਹੋਵੇਗੀ ਸਖ਼ਤ ਟੱਕਰ
ਚੇਨਈ ਦੇ ਘਰੇਲੂ ਮੈਦਾਨ ਚੇਪਾਕ ‘ਤੇ ਖੇਡਿਆ ਜਾਣ ਵਾਲਾ ਇਹ ਮੁਕਾਬਲਾ ਦੋਵਾਂ ਟੀਮਾਂ ਲਈ ਦਬਾਅ ਭਰਿਆ ਰਹਿਣ ਵਾਲਾ ਹੈ। ਇੱਕ ਪਾਸੇ ਚੇਨਈ ਆਪਣੀਆਂ ਉਮੀਦਾਂ ਬਚਾਉਣ ਲਈ ਮੈਦਾਨ ਵਿੱਚ ਉਤਰੇਗੀ, ਜਦਕਿ ਹੈਦਰਾਬਾਦ ਦੀ ਕੋਸ਼ਿਸ਼ ਜਿੱਤ ਨਾਲ ਪਲੇਆਫ ਵੱਲ ਇਕ ਹੋਰ ਮਜ਼ਬੂਤ ਕਦਮ ਚੁੱਕਣ ਦੀ ਹੋਵੇਗੀ।

