ਚੰਡੀਗੜ੍ਹ :- ਅਫ਼ਗ਼ਾਨਿਸਤਾਨ ਖ਼ਿਲਾਫ਼ ਖੇਡੇ ਜਾ ਰਹੇ ਟੈਸਟ ਮੈਚ ਵਿੱਚ ਭਾਰਤੀ ਟੀਮ ਨੇ ਪਹਿਲੀ ਪਾਰੀ ਦੌਰਾਨ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਮੁਕਾਬਲੇ ‘ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਐਤਵਾਰ ਨੂੰ ਦੂਜੇ ਸੈਸ਼ਨ ਦੌਰਾਨ ਭਾਰਤ ਨੇ 8 ਵਿਕਟਾਂ ਦੇ ਨੁਕਸਾਨ ‘ਤੇ 564 ਦੌੜਾਂ ਬਣਾਉਣ ਮਗਰੋਂ ਪਾਰੀ ਐਲਾਨ ਦਿੱਤੀ।
ਕਪਤਾਨ ਗਿੱਲ ਨੇ ਨਿਭਾਈ ਅਗਵਾਈ ਵਾਲੀ ਭੂਮਿਕਾ
ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਜ਼ਿੰਮੇਵਾਰ ਪਾਰੀ ਖੇਡਦਿਆਂ 126 ਦੌੜਾਂ ਜੋੜੀਆਂ ਅਤੇ ਟੀਮ ਦੇ ਵੱਡੇ ਸਕੋਰ ਦੀ ਬੁਨਿਆਦ ਰੱਖੀ। ਕੇਐਲ ਰਾਹੁਲ ਨੇ ਵੀ ਸ਼ਾਨਦਾਰ ਸੈਂਕੜਾ ਜੜਿਆ ਅਤੇ 100 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਰਿਸ਼ਭ ਪੰਤ ਅਤੇ ਸਾਈ ਸੁਦਰਸ਼ਨ ਨੇ 81-81 ਦੌੜਾਂ ਬਣਾਕੇ ਮੱਧਕ੍ਰਮ ਨੂੰ ਮਜ਼ਬੂਤੀ ਦਿੱਤੀ।
ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਵੀ ਦਿੱਤਾ ਸਹਿਯੋਗ
ਵਾਸ਼ਿੰਗਟਨ ਸੁੰਦਰ ਨੇ ਅਰਧ ਸੈਂਕੜਾ ਪੂਰਾ ਕਰਦਿਆਂ 52 ਦੌੜਾਂ ਬਣਾਈਆਂ ਅਤੇ ਨਾਬਾਦ ਰਹੇ, ਜਦਕਿ ਕੁਲਦੀਪ ਯਾਦਵ 9 ਦੌੜਾਂ ਨਾਲ ਕ੍ਰੀਜ਼ ‘ਤੇ ਮੌਜੂਦ ਰਹੇ। ਡੈਬਿਊ ਕਰ ਰਹੇ ਮਾਨਵ ਸੁਥਾਰ ਨੇ 28, ਯਸ਼ਸਵੀ ਜੈਸਵਾਲ ਨੇ 24 ਅਤੇ ਧਰੁਵ ਜੁਰੇਲ ਨੇ 19 ਦੌੜਾਂ ਜੋੜੀਆਂ। ਮੁਹੰਮਦ ਸਿਰਾਜ ਨੇ ਵੀ ਤੇਜ਼ ਰਫ਼ਤਾਰ ਨਾਲ ਖੇਡਦਿਆਂ ਸਿਰਫ਼ 12 ਗੇਂਦਾਂ ਵਿੱਚ 22 ਦੌੜਾਂ ਬਣਾਈਆਂ।
ਅਫਗਾਨ ਗੇਂਦਬਾਜ਼ੀ ਵਿੱਚ ਸਫੀ ਸਭ ਤੋਂ ਕਾਮਯਾਬ
ਅਫਗਾਨਿਸਤਾਨ ਵੱਲੋਂ ਮੁਹੰਮਦ ਸਲੀਮ ਸਫੀ ਨੇ ਸਭ ਤੋਂ ਪ੍ਰਭਾਵਸ਼ਾਲੀ ਗੇਂਦਬਾਜ਼ੀ ਕਰਦਿਆਂ 6 ਵਿਕਟਾਂ ਆਪਣੇ ਨਾਮ ਕੀਤੀਆਂ। ਜ਼ਿਆਉਰ ਰਹਿਮਾਨ ਅਤੇ ਹਸ਼ਮਤਉੱਲਾ ਸ਼ਹੀਦੀ ਨੂੰ ਇੱਕ-ਇੱਕ ਸਫਲਤਾ ਮਿਲੀ।
ਮਾਨਵ ਸੁਥਾਰ ਨੇ ਡੈਬਿਊ ‘ਤੇ ਹੀ ਛੱਡੀ ਛਾਪ
ਵੱਡੇ ਟੀਚੇ ਦੇ ਜਵਾਬ ਵਿੱਚ ਅਫਗਾਨਿਸਤਾਨ ਦੀ ਸ਼ੁਰੂਆਤ ਠੀਕ ਨਹੀਂ ਰਹੀ। ਟੀਮ ਨੇ 5.4 ਓਵਰਾਂ ਵਿੱਚ 28 ਦੌੜਾਂ ਬਣਾਈਆਂ ਸਨ ਕਿ ਪਹਿਲਾ ਝਟਕਾ ਲੱਗ ਗਿਆ। ਆਪਣਾ ਪਹਿਲਾ ਟੈਸਟ ਖੇਡ ਰਹੇ ਮਾਨਵ ਸੁਥਾਰ ਨੇ ਆਪਣੇ ਕਰੀਅਰ ਦੇ ਪਹਿਲੇ ਹੀ ਓਵਰ ਵਿੱਚ ਅਬਦੁਲ ਮਲਿਕ ਨੂੰ ਪਵੇਲੀਅਨ ਭੇਜ ਕੇ ਯਾਦਗਾਰ ਸ਼ੁਰੂਆਤ ਕੀਤੀ।

