ਚੰਡੀਗੜ੍ਹ :- ਟੀਮ ਇੰਡੀਆ ਦੇ ਭਰੋਸੇਯੋਗ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਐਤਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। 37 ਸਾਲਾ ਪੁਜਾਰਾ ਨੇ ਇਹ ਸੁਚਨਾ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਅਤੇ ਭਾਰਤ ਲਈ ਖੇਡੇ ਆਪਣੇ ਯਾਦਗਾਰ ਕਰੀਅਰ ਲਈ ਧੰਨਵਾਦ ਜਤਾਇਆ।
ਭਾਰਤ ਲਈ ਸ਼ਾਨਦਾਰ ਟੈਸਟ ਕਰੀਅਰ
ਪੁਜਾਰਾ ਨੇ 2010 ਵਿੱਚ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 103 ਮੈਚਾਂ ਵਿੱਚ 43.60 ਦੀ ਔਸਤ ਨਾਲ 7,195 ਦੌੜਾਂ ਬਣਾਈਆਂ। ਇਸ ਦੌਰਾਨ, ਉਸਨੇ 19 ਸ਼ਤਕ ਅਤੇ 35 ਅਰਧਸ਼ਤਕ ਦਰਜ ਕੀਤੇ। ਉਸਦਾ ਆਖਰੀ ਅੰਤਰਰਾਸ਼ਟਰੀ ਟੈਸਟ ਮੈਚ 2023 ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਆਸਟ੍ਰੇਲੀਆ ਵਿਰੁੱਧ ਸੀ, ਜਿਸ ਵਿੱਚ ਉਸਨੇ 41 ਦੌੜਾਂ ਬਣਾਈਆਂ। ਵਨਡੇ ਫਾਰਮੈਟ ਵਿੱਚ ਪੁਜਾਰਾ ਨੇ ਕੇਵਲ 5 ਮੈਚ ਖੇਡੇ ਅਤੇ 51 ਦੌੜਾਂ ਜੋੜੀਆਂ।
ਪੁਜਾਰਾ ਦਾ ਭਾਵੁਕ ਸੰਦੇਸ਼
ਸੋਸ਼ਲ ਮੀਡੀਆ ‘ਤੇ ਆਪਣਾ ਰਿਟਾਇਰਮੈਂਟ ਸੰਦੇਸ਼ ਸਾਂਝਾ ਕਰਦਿਆਂ ਪੁਜਾਰਾ ਨੇ ਲਿਖਿਆ, “ਭਾਰਤੀ ਜਰਸੀ ਪਹਿਨਣਾ, ਰਾਸ਼ਟਰੀ ਗੀਤ ਗਾਉਣਾ ਅਤੇ ਦੇਸ਼ ਲਈ ਹਰ ਵਾਰ ਆਪਣਾ ਸਰਵੋਤਮ ਦੇਣਾ ਬੇਮਿਸਾਲ ਅਨੁਭਵ ਸੀ। ਪਰ ਹਰ ਯਾਤਰਾ ਦਾ ਇੱਕ ਅੰਤ ਹੁੰਦਾ ਹੈ। ਮੈਂ ਪੂਰੀ ਕ੍ਰਿਤਜਤਾ ਨਾਲ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਰਿਹਾ ਹਾਂ।”
ਸਾਰੇ ਸਾਥੀਆਂ ਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
ਪੁਜਾਰਾ ਨੇ ਬੀਸੀਸੀਆਈ, ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ, ਆਪਣੇ ਸਾਥੀ ਖਿਡਾਰੀਆਂ, ਕੋਚਾਂ, ਸਹਾਇਤਾ ਸਟਾਫ, ਗਰਾਊਂਡ ਕਰਮਚਾਰੀਆਂ, ਮੀਡੀਆ, ਸਪਾਂਸਰਾਂ ਅਤੇ ਪ੍ਰਸ਼ੰਸਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਸਨੇ ਮੰਨਿਆ ਕਿ ਪ੍ਰਸ਼ੰਸਕਾਂ ਦੇ ਪਿਆਰ ਨੇ ਉਸਦੀ ਯਾਤਰਾ ਨੂੰ ਖ਼ਾਸ ਬਣਾਇਆ।
ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣ ਦੀ ਇੱਛਾ
ਪੁਜਾਰਾ ਨੇ ਆਪਣੇ ਮਾਪਿਆਂ, ਪਤਨੀ ਪੂਜਾ, ਧੀ ਅਦਿਤੀ ਅਤੇ ਪੂਰੇ ਪਰਿਵਾਰ ਦੀਆਂ ਕੁਰਬਾਨੀਆਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਹ ਆਪਣੇ ਜੀਵਨ ਦੇ ਨਵੇਂ ਪੜਾਅ ਵਿੱਚ ਪਰਿਵਾਰ ਨੂੰ ਪਹਿਲ ਦੇਣਾ ਚਾਹੁੰਦੇ ਹਨ।