ਚੰਡੀਗੜ੍ਹ :- ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਕਰਵਟ ਲੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅੱਜ ਸੂਬੇ ਦੇ ਤਿੰਨ ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੂਬੇ ਦੇ ਕਈ ਹੋਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਕਈ ਜ਼ਿਲ੍ਹਿਆਂ ਵਿੱਚ ਅੱਜ ਵੀ ਮੀਂਹ ਦੀ ਸੰਭਾਵਨਾ
ਅੱਜ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਐਸਏਐਸ ਨਗਰ (ਮੁਹਾਲੀ) ਵਿੱਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਵੀ ਇੱਕਾ-ਦੁੱਕਾ ਥਾਵਾਂ ’ਤੇ ਮੀਂਹ ਪੈ ਸਕਦਾ ਹੈ।
3 ਸਤੰਬਰ ਨੂੰ ਪੰਜ ਜ਼ਿਲ੍ਹਿਆਂ ਲਈ ਅਲਰਟ
ਮੌਸਮ ਵਿਭਾਗ ਅਨੁਸਾਰ 3 ਸਤੰਬਰ ਨੂੰ ਮੀਂਹ ਦੀ ਸਰਗਰਮੀ ਹੋਰ ਵਧ ਸਕਦੀ ਹੈ। ਇਸ ਦਿਨ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਐਸਏਐਸ ਨਗਰ (ਮੁਹਾਲੀ) ਵਿੱਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਹੈ।
4 ਸਤੰਬਰ ਨੂੰ ਵੀ ਮੀਂਹ ਤੋਂ ਰਾਹਤ ਨਹੀਂ
4 ਸਤੰਬਰ ਨੂੰ ਵੀ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਐਸਏਐਸ ਨਗਰ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਇਨ੍ਹਾਂ ਪੰਜ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਰਹੇਗਾ। ਸੂਬੇ ਦੇ ਹੋਰ ਹਿੱਸਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
5 ਸਤੰਬਰ ਨੂੰ ਚਾਰ ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਸੰਭਾਵਨਾ
5 ਸਤੰਬਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ ’ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਚਾਰ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਪਟਿਆਲਾ ਰਿਹਾ ਸਭ ਤੋਂ ਗਰਮ
ਇਸ ਦੌਰਾਨ ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ। ਇਸ ਦੇ ਬਾਵਜੂਦ ਸੂਬੇ ਦਾ ਔਸਤ ਤਾਪਮਾਨ ਆਮ ਨਾਲੋਂ 1.8 ਡਿਗਰੀ ਸੈਲਸੀਅਸ ਵੱਧ ਰਿਹਾ। ਬੀਤੇ ਦਿਨ ਪਟਿਆਲਾ ਸੂਬੇ ਦਾ ਸਭ ਤੋਂ ਗਰਮ ਸਥਾਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਵੱਖ-ਵੱਖ ਇਲਾਕਿਆਂ ਵਿੱਚ ਤਾਪਮਾਨ
ਅੰਮ੍ਰਿਤਸਰ ਵਿੱਚ 35.5, ਚੰਡੀਗੜ੍ਹ ਅਤੇ ਲੁਧਿਆਣਾ ਵਿੱਚ 35, ਬਠਿੰਡਾ ਅਤੇ ਫਰੀਦਕੋਟ ਵਿੱਚ 35, ਗੁਰਦਾਸਪੁਰ ਵਿੱਚ 34.5, ਜਲੰਧਰ ਵਿੱਚ 33.2, ਹੁਸ਼ਿਆਰਪੁਰ ਵਿੱਚ 33 ਅਤੇ ਕਪੂਰਥਲਾ ਵਿੱਚ 32 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਮੁਹਾਲੀ ਵਿੱਚ 34.1, ਮੁਕਤਸਰ ਵਿੱਚ 33, ਫਿਰੋਜ਼ਪੁਰ ਵਿੱਚ 34.9, ਫਤਿਹਗੜ੍ਹ ਸਾਹਿਬ ਵਿੱਚ 32.6, ਬੱਲੋਵਾਲ ਸੌਂਖੜੀ ਵਿੱਚ 33.7 ਅਤੇ ਰੋਪੜ ਖੇਤੀਬਾੜੀ ਕੇਂਦਰ ਵਿੱਚ 34.7 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਪਠਾਨਕੋਟ ਦੇ ਥੀਨ ਡੈਮ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 29.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

