ਮੋਹਾਲੀ :- ਜ਼ੀਰਕਪੁਰ ਵਿੱਚ ਟ੍ਰੈਫਿਕ ਪੁਲਸ ਦੇ ਇੱਕ ਮੁਲਾਜ਼ਮ ਦੀ ਕਥਿਤ ਰਿਸ਼ਵਤ ਲੈਂਦੇ ਹੋਏ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਇਸ ਵੀਡੀਓ ਵਿੱਚ ਇੱਕ ਨੌਜਵਾਨ ਨੂੰ ਟ੍ਰੈਫਿਕ ਬੂਥ ਨੇੜੇ ਖੜ੍ਹੇ ਏ.ਐੱਸ.ਆਈ. ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਚਲਾਨ ਤੋਂ ਬਚਣ ਲਈ ਪੈਸਿਆਂ ਦੀ ਲੈਣ-ਦੇਣ ਹੋ ਰਹੀ ਸੀ।
ਵੀਡੀਓ ਵਿੱਚ ਪੈਸਿਆਂ ਦੀ ਗੱਲਬਾਤ ਹੋਣ ਦਾ ਦਾਅਵਾ
ਵਾਇਰਲ ਕਲਿੱਪ ਵਿੱਚ ਨੌਜਵਾਨ ਪਹਿਲਾਂ 500 ਰੁਪਏ ਦੇਣ ਦੀ ਗੱਲ ਕਰਦਾ ਦਿਖਾਈ ਦਿੰਦਾ ਹੈ, ਜਦਕਿ ਦੂਜੇ ਪਾਸੇ ਤੋਂ ਵਧੇਰੇ ਰਕਮ ਮੰਗਣ ਦੀ ਆਵਾਜ਼ ਸੁਣਾਈ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇੱਕ ਹੋਰ ਵਿਅਕਤੀ ਤੋਂ ਪੈਸੇ ਲੈ ਕੇ ਪੁਲਸ ਮੁਲਾਜ਼ਮ ਨੂੰ ਦੇਣ ਦੀ ਵੀ ਗੱਲ ਸਾਹਮਣੇ ਆਈ ਹੈ। ਵੀਡੀਓ ਵਿੱਚ ਨੌਜਵਾਨ ਵੱਲੋਂ ਚਲਾਨ ਨਾ ਕੱਟਣ ਅਤੇ ਖਿੱਚੀ ਗਈ ਤਸਵੀਰ ਮਿਟਾਉਣ ਦੀ ਬੇਨਤੀ ਵੀ ਕੀਤੀ ਜਾਂਦੀ ਸੁਣਾਈ ਦਿੰਦੀ ਹੈ।
ਏ.ਐੱਸ.ਆਈ. ਨੇ ਦੋਸ਼ਾਂ ਨੂੰ ਕੀਤਾ ਖਾਰਜ
ਮਾਮਲੇ ਵਿੱਚ ਨਾਮ ਸਾਹਮਣੇ ਆਉਣ ਤੋਂ ਬਾਅਦ ਏ.ਐੱਸ.ਆਈ. ਸੋਹਣ ਸਿੰਘ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੀਡੀਓ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਕੋਈ ਰਕਮ ਸਵੀਕਾਰ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਨੌਜਵਾਨ ਨੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਅਤੇ ਬਿਨਾਂ ਚਲਾਨ ਕੀਤੇ ਉਸ ਨੂੰ ਜਾਣ ਦਿੱਤਾ ਗਿਆ।
ਉੱਚ ਅਧਿਕਾਰੀਆਂ ਨੇ ਮੰਗੀ ਰਿਪੋਰਟ
ਇਸ ਵਿਵਾਦ ਦੇ ਮੱਦੇਨਜ਼ਰ ਮੋਹਾਲੀ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਵੀਡੀਓ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਜਾਂਚ ਦੌਰਾਨ ਕੋਈ ਗਲਤ ਕਾਰਵਾਈ ਸਾਹਮਣੇ ਆਈ ਤਾਂ ਸਬੰਧਤ ਅਧਿਕਾਰੀ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

