ਕਾਦੀਆਂ :- ਕਾਦੀਆਂ ਦੇ ਨਜ਼ਦੀਕੀ ਪਿੰਡ ਨੰਗਲ ਝੌਰ ਵਿੱਚ ਐਤਵਾਰ ਨੂੰ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਝੋਨੇ ਦੀ ਫ਼ਸਲ ‘ਤੇ ਸਪਰੇਅ ਕਰ ਰਹੇ ਦੋ ਨੌਜਵਾਨਾਂ ਦੀ ਹਾਈਵੋਲਟੇਜ ਬਿਜਲੀ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਗਿੱਲ ਮੰਝ ਦੇ ਰਹਿਣ ਵਾਲੇ 30 ਸਾਲਾ ਜਗਤਾਰ ਮਸੀਹ ਅਤੇ 26 ਸਾਲਾ ਰਾਜਨ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
ਸਪਰੇਅ ਦੌਰਾਨ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਪਿੰਡ ਗਿੱਲ ਮੰਝ ਦੇ ਚਾਰ ਨੌਜਵਾਨ ਦਿਹਾੜੀ ‘ਤੇ ਪਿੰਡ ਨੰਗਲ ਝੌਰ ਵਿੱਚ ਇੱਕ ਕਿਸਾਨ ਦੇ ਖੇਤਾਂ ਵਿੱਚ ਝੋਨੇ ਦੀ ਫ਼ਸਲ ‘ਤੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਨ ਗਏ ਹੋਏ ਸਨ। ਕੰਮ ਦੌਰਾਨ ਜਗਤਾਰ ਮਸੀਹ ਅਤੇ ਰਾਜਨ ਖੇਤ ਵਿੱਚ ਡਿੱਗੇ ਹੋਏ ਬਿਜਲੀ ਦੇ ਖੰਭੇ ਕਾਰਨ ਹੇਠਾਂ ਆਈਆਂ 11 ਕੇਵੀ ਦੀਆਂ ਬਿਜਲੀ ਤਾਰਾਂ ਦੇ ਸੰਪਰਕ ਵਿੱਚ ਆ ਗਏ। ਤੇਜ਼ ਕਰੰਟ ਲੱਗਣ ਕਾਰਨ ਦੋਵੇਂ ਗੰਭੀਰ ਰੂਪ ਵਿੱਚ ਝੁਲਸ ਗਏ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਤੋੜਿਆ ਦਮ
ਹਾਦਸੇ ਤੋਂ ਤੁਰੰਤ ਬਾਅਦ ਦੋਵੇਂ ਨੌਜਵਾਨਾਂ ਨੂੰ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਜਾਂਚ ਉਪਰੰਤ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਵਿੱਚ ਉਨ੍ਹਾਂ ਦੇ ਦੋ ਹੋਰ ਸਾਥੀ ਵਾਲ-ਵਾਲ ਬਚ ਗਏ।
ਖੇਤ ਮਾਲਕ ‘ਤੇ ਲਾਪਰਵਾਹੀ ਦੇ ਦੋਸ਼
ਮ੍ਰਿਤਕਾਂ ਦੇ ਨਾਲ ਕੰਮ ਕਰ ਰਹੇ ਜੋਗਾ ਸਿੰਘ ਅਤੇ ਰਿੰਕੂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਖੇਤ ਮਾਲਕ ਨੇ ਉਨ੍ਹਾਂ ਨੂੰ ਪਹਿਲਾਂ ਤੋਂ ਡਿੱਗੇ ਬਿਜਲੀ ਦੇ ਖੰਭੇ ਅਤੇ ਜ਼ਮੀਨ ਦੇ ਨੇੜੇ ਲਟਕ ਰਹੀਆਂ ਲਾਈਵ ਤਾਰਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤ ਮਾਲਕ ਕੰਮ ਸ਼ੁਰੂ ਕਰਵਾ ਕੇ ਉੱਥੋਂ ਚਲਾ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਪੁਲਿਸ ਨੇ ਸ਼ੁਰੂ ਕੀਤੀ ਕਾਨੂੰਨੀ ਕਾਰਵਾਈ
ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਚੌਕੀ ਹਰਚੋਵਾਲ ਦੇ ਇੰਚਾਰਜ ਏਐੱਸਆਈ ਸਰਵਣ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ। ਪੁਲਿਸ ਅਨੁਸਾਰ ਚਸ਼ਮਦੀਦਾਂ ਅਤੇ ਮ੍ਰਿਤਕਾਂ ਦੇ ਸਾਥੀਆਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

