ਚੰਡੀਗੜ੍ਹ :- ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. ਦੇ ‘ਆਪ੍ਰੇਸ਼ਨ ਹਾਰਡਬਾਲ’ ਦੌਰਾਨ ਸਾਹਮਣੇ ਆਏ ਕਥਿਤ 4 ਕਰੋੜ ਰੁਪਏ ਦੀ ਫਿਰੌਤੀ ਮਾਮਲੇ ਵਿੱਚ ਗ੍ਰਿਫ਼ਤਾਰ ਟਾਂਡਾ ਥਾਣੇ ਦੇ ਐੱਸਐੱਚਓ ਗੁਰਿੰਦਰਜੀਤ ਸਿੰਘ ਨਾਗਰਾ ਖ਼ਿਲਾਫ਼ ਪੰਜਾਬ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਨਾਗਰਾ ਨੂੰ ਪੁਲਿਸ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਸ ਨੂੰ ਮੁਅੱਤਲ ਕਰਕੇ ਫਿਰੌਤੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਅਦਾਲਤ ਵਿੱਚ ਕੀਤਾ ਗਿਆ ਪੇਸ਼
ਸ਼ਨੀਵਾਰ ਸਵੇਰੇ ਪੁਲਿਸ ਨੇ ਗੁਰਿੰਦਰਜੀਤ ਸਿੰਘ ਨਾਗਰਾ ਦਾ ਮੈਡੀਕਲ ਕਰਵਾਉਣ ਉਪਰੰਤ ਉਸ ਨੂੰ ਦਸੂਹਾ ਅਦਾਲਤ ਵਿੱਚ ਪੇਸ਼ ਕੀਤਾ। ਜਾਂਚ ਏਜੰਸੀ ਨੇ ਅਦਾਲਤ ਕੋਲ ਦੋਸ਼ੀ ਦਾ ਪੁਲਿਸ ਰਿਮਾਂਡ ਮੰਗਿਆ ਹੈ ਤਾਂ ਜੋ ਮਾਮਲੇ ਦੇ ਸਾਰੇ ਪੱਖਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।
ਐੱਫ.ਬੀ.ਆਈ. ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਨਾਮ
ਜਾਂਚ ਅਨੁਸਾਰ ਐੱਫ.ਬੀ.ਆਈ. ਦੇ ‘ਆਪ੍ਰੇਸ਼ਨ ਹਾਰਡਬਾਲ’ ਦੌਰਾਨ ਵਿਦੇਸ਼ ਵਿੱਚ ਰਹਿੰਦੇ ਇੱਕ ਪਰਿਵਾਰ ਤੋਂ ਕਥਿਤ ਤੌਰ ‘ਤੇ 4 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗਿਰੋਹਾਂ ਨਾਲ ਜੁੜੇ ਕੁਝ ਨਾਂ ਵੀ ਜਾਂਚ ਦੇ ਘੇਰੇ ਵਿੱਚ ਦੱਸੇ ਜਾ ਰਹੇ ਹਨ।
ਵਿਭਾਗੀ ਜਾਂਚ ਤੋਂ ਬਾਅਦ ਦਰਜ ਹੋਇਆ ਸੀ ਕੇਸ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀ.ਆਈ.ਜੀ. ਨਵੀਨ ਸਿੰਗਲਾ ਨੇ ਨਾਗਰਾ ਨੂੰ ਫੀਲਡ ਡਿਊਟੀ ਤੋਂ ਹਟਾ ਕੇ ਲਾਈਨ ਹਾਜ਼ਰ ਕੀਤਾ ਅਤੇ ਜਾਂਚ ਦੀ ਜ਼ਿੰਮੇਵਾਰੀ ਐੱਸ.ਪੀ. ਵਿਨੀਤ ਅਹਲਾਵਤ ਨੂੰ ਸੌਂਪੀ ਸੀ। ਵਿਭਾਗੀ ਜਾਂਚ ਤੋਂ ਬਾਅਦ ਉਸ ਖ਼ਿਲਾਫ਼ ਫਿਰੌਤੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਹੋ ਸਕਦੇ ਹਨ ਹੋਰ ਖੁਲਾਸੇ
ਪੁਲਿਸ ਦਾ ਮੰਨਣਾ ਹੈ ਕਿ ਰਿਮਾਂਡ ਦੌਰਾਨ ਪੁੱਛਗਿੱਛ ਨਾਲ ਮਾਮਲੇ ਨਾਲ ਜੁੜੇ ਹੋਰ ਅਹਿਮ ਤੱਥ ਸਾਹਮਣੇ ਆ ਸਕਦੇ ਹਨ। ਜਾਂਚ ਏਜੰਸੀਆਂ ਵਿੱਤੀ ਲੈਣ-ਦੇਣ, ਸੰਪਰਕਾਂ ਅਤੇ ਹੋਰ ਸਬੂਤਾਂ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।

