ਚੰਡੀਗੜ੍ਹ :- ਸ਼ੰਭੂ ਬੈਰੀਅਰ ਨੇੜੇ ਰੇਲਵੇ ਟਰੈਕ ’ਤੇ ਹੋਏ ਧਮਾਕਾ ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਕੇਸ ਵਿੱਚ ਨਾਮਜ਼ਦ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਨੂੰ ਪਟਿਆਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਹਾਸਲ ਕਰਕੇ ਹਿਰਾਸਤ ਵਿੱਚ ਲਿਆ ਹੈ। ਏਜੰਸੀ ਵੱਲੋਂ ਉਸ ਨੂੰ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਪੇਸ਼ ਕਰਦਿਆਂ 14 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ, ਪਰ ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ 8 ਦਿਨਾਂ ਦਾ ਰਿਮਾਂਡ ਮਨਜ਼ੂਰ ਕੀਤਾ।
ਰੇਲਵੇ ਲਾਈਨ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਆਈ ਸੀ ਸਾਹਮਣੇ
ਜਾਂਚ ਅਧਿਕਾਰੀਆਂ ਮੁਤਾਬਕ 27 ਅਪ੍ਰੈਲ ਨੂੰ ਸ਼ੰਭੂ ਇਲਾਕੇ ਵਿੱਚ ਸਪੈਸ਼ਲ ਫਰੇਟ ਕੋਰੀਡੋਰ ਦੇ ਰੇਲਵੇ ਟਰੈਕ ’ਤੇ ਵਿਸਫੋਟਕ ਯੰਤਰ ਲਗਾ ਕੇ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੌਰਾਨ ਵਿਸਫੋਟਕ ਸਮੇਂ ਤੋਂ ਪਹਿਲਾਂ ਫਟ ਗਿਆ, ਜਿਸ ਕਾਰਨ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਜਗਰੂਪ ਸਿੰਘ ਉਰਫ਼ ਜੂਪਾ ਦੀ ਮੌਤ ਹੋ ਗਈ ਸੀ।
ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਤਾਰਾਂ ਦੀ ਜਾਂਚ
ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਮਾਮਲੇ ਦੇ ਸੂਤਰ ਵਿਦੇਸ਼ਾਂ ਤੱਕ ਫੈਲੇ ਹੋਏ ਹਨ। ਜਾਂਚ ਵਿੱਚ ਪਾਕਿਸਤਾਨ ਅਤੇ ਮਲੇਸ਼ੀਆ ਵਿੱਚ ਬੈਠੇ ਕਥਿਤ ਹੈਂਡਲਰਾਂ ਦੀ ਭੂਮਿਕਾ ਵੀ ਸਾਹਮਣੇ ਆਈ, ਜਿਸ ਤੋਂ ਬਾਅਦ ਕੇਸ ਦੀ ਜਾਂਚ ਐਨਆਈਏ ਨੇ ਆਪਣੇ ਹੱਥ ਵਿੱਚ ਲੈ ਲਈ ਸੀ।
ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਹੋਈ ਸੀ ਬਰਾਮਦ
ਇਸ ਮਾਮਲੇ ਵਿੱਚ ਬਾਬਾ ਬੇਅੰਤ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਾਂਚ ਦੌਰਾਨ ਸੁਰੱਖਿਆ ਏਜੰਸੀਆਂ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਹਥਿਆਰ, ਆਈਈਡੀ ਅਤੇ ਗ੍ਰੇਨੇਡ ਵੀ ਬਰਾਮਦ ਕੀਤੇ ਸਨ। ਜਾਂਚ ਏਜੰਸੀਆਂ ਦਾ ਸ਼ੱਕ ਹੈ ਕਿ ਇਹੀ ਗਰੁੱਪ ਸਰਹਿੰਦ ਰੇਲਵੇ ਟਰੈਕ ਧਮਾਕਾ ਅਤੇ ਮੋਗਾ ਗ੍ਰੇਨੇਡ ਹਮਲੇ ਵਰਗੀਆਂ ਘਟਨਾਵਾਂ ਨਾਲ ਵੀ ਜੁੜਿਆ ਹੋ ਸਕਦਾ ਹੈ।
ਰਿਮਾਂਡ ਦੌਰਾਨ ਹੋ ਸਕਦੇ ਹਨ ਹੋਰ ਖੁਲਾਸੇ
ਐਨਆਈਏ ਹੁਣ ਰਿਮਾਂਡ ਦੌਰਾਨ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਵਿਦੇਸ਼ੀ ਸੰਪਰਕਾਂ, ਫੰਡਿੰਗ ਦੇ ਸਰੋਤਾਂ ਅਤੇ ਸਾਜ਼ਿਸ਼ ਨਾਲ ਜੁੜੇ ਹੋਰ ਪੱਖਾਂ ਬਾਰੇ ਜਾਣਕਾਰੀ ਇਕੱਠੀ ਕਰੇਗੀ। ਜਾਂਚ ਏਜੰਸੀ ਨੂੰ ਉਮੀਦ ਹੈ ਕਿ ਇਸ ਪੁੱਛਗਿੱਛ ਨਾਲ ਮਾਮਲੇ ਨਾਲ ਜੁੜੇ ਹੋਰ ਮਹੱਤਵਪੂਰਨ ਤੱਥ ਸਾਹਮਣੇ ਆ ਸਕਦੇ ਹਨ।

