ਚੰਡੀਗੜ੍ਹ :- ਪੰਜਾਬ ਵਿੱਚ ਨੌਵੀਂ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਆਯੋਜਨ 27 ਅਕਤੂਬਰ ਤੋਂ 5 ਨਵੰਬਰ 2026 ਤੱਕ ਕੀਤਾ ਜਾਵੇਗਾ। ਟੂਰਨਾਮੈਂਟ ਦੇ ਮੁਕਾਬਲੇ ਜਲੰਧਰ ਅਤੇ ਮੁਹਾਲੀ ਵਿੱਚ ਹੋਣਗੇ। ਇਸ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਪਾਕਿਸਤਾਨ, ਕੋਰੀਆ, ਮਲੇਸ਼ੀਆ, ਚੀਨ ਅਤੇ ਜਪਾਨ ਦੀਆਂ ਟੀਮਾਂ ਸ਼ਮੂਲੀਅਤ ਕਰਨਗੀਆਂ, ਜਦਕਿ ਓਮਾਨ ਅਤੇ ਬੰਗਲਾਦੇਸ਼ ਨੂੰ ਰਿਜ਼ਰਵ ਟੀਮਾਂ ਵਜੋਂ ਰੱਖਿਆ ਗਿਆ ਹੈ।
ਜਲੰਧਰ ’ਚ ਹੋਵੇਗਾ ਆਗਾਜ਼, ਪਹਿਲੇ ਦਿਨ ਤਿੰਨ ਮੁਕਾਬਲੇ
27 ਅਕਤੂਬਰ ਨੂੰ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਉਦਘਾਟਨੀ ਸਮਾਰੋਹ ਕਰਵਾਇਆ ਜਾਵੇਗਾ। ਇਸੇ ਦਿਨ ਟੂਰਨਾਮੈਂਟ ਦਾ ਪਹਿਲਾ ਮੈਚ ਜਪਾਨ ਅਤੇ ਮਲੇਸ਼ੀਆ ਦੀਆਂ ਟੀਮਾਂ ਵਿਚਕਾਰ ਖੇਡਿਆ ਜਾਵੇਗਾ। ਪਹਿਲੇ ਦਿਨ ਕੁੱਲ ਤਿੰਨ ਮੁਕਾਬਲੇ ਹੋਣਗੇ। 27 ਅਕਤੂਬਰ ਤੋਂ 2 ਨਵੰਬਰ ਤੱਕ ਲੀਗ ਪੜਾਅ ਦੇ ਮੈਚ ਜਲੰਧਰ ਵਿੱਚ ਕਰਵਾਏ ਜਾਣਗੇ। 28 ਅਤੇ 31 ਅਕਤੂਬਰ ਨੂੰ ਖਿਡਾਰੀਆਂ ਲਈ ਰੈਸਟ ਡੇਅ ਰਹੇਗਾ।
ਪੰਜਾਬ ਦਿਵਸ ’ਤੇ ਭਾਰਤ-ਪਾਕਿਸਤਾਨ ਆਹਮੋ-ਸਾਹਮਣੇ
1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਕਾਰ ਲੀਗ ਮੁਕਾਬਲਾ ਹੋਵੇਗਾ। ਟੂਰਨਾਮੈਂਟ ਦਾ ਸਮਾਪਤੀ ਸਮਾਰੋਹ 5 ਨਵੰਬਰ ਨੂੰ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿੱਚ ਹੋਵੇਗਾ।

