ਚੰਡੀਗੜ੍ਹ :- ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ। ਚੰਡੀਗੜ੍ਹ ਵਿੱਚ ਵੀ ਅੰਸ਼ਕ ਬੱਦਲਵਾਈ ਰਹਿਣ ਅਤੇ ਗਰਜ-ਚਮਕ ਨਾਲ ਇੱਕ-ਦੋ ਵਾਰ ਹਲਕੀਆਂ ਤੋਂ ਦਰਮਿਆਨੀਆਂ ਬੁਛਾਰਾਂ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ।
ਬਠਿੰਡਾ ਸਭ ਤੋਂ ਗਰਮ, ਗੁਰਦਾਸਪੁਰ ’ਚ ਸਭ ਤੋਂ ਵੱਧ ਮੀਂਹ
ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ 38 ਡਿਗਰੀ ਸੈਲਸੀਅਸ ਤਾਪਮਾਨ ਨਾਲ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਇਸ ਦੇ ਉਲਟ ਗੁਰਦਾਸਪੁਰ ਵਿੱਚ 47.5 ਮਿਲੀਮੀਟਰ ਵਰਖਾ ਦਰਜ ਕੀਤੀ ਗਈ, ਜੋ ਸੂਬੇ ਵਿੱਚ ਸਭ ਤੋਂ ਵੱਧ ਰਹੀ।
ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦੀ ਵੱਧ ਸੰਭਾਵਨਾ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਐੱਸ.ਏ.ਐੱਸ. ਨਗਰ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਆਸਾਰ ਹਨ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਦੇ ਕੁਝ ਹਿੱਸਿਆਂ ਵਿੱਚ ਵੀ ਵਰਖਾ ਹੋ ਸਕਦੀ ਹੈ।
ਮਾਲਵਾ ਖੇਤਰ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਵੀ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ।
ਗੁਰਦਾਸਪੁਰ ਤੋਂ ਬਾਅਦ ਰੂਪਨਗਰ ਤੇ ਲੁਧਿਆਣਾ ’ਚ ਵੀ ਮੀਂਹ
ਵੀਰਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ। ਗੁਰਦਾਸਪੁਰ ਵਿੱਚ 47.5 ਮਿਲੀਮੀਟਰ ਤੋਂ ਇਲਾਵਾ ਰੂਪਨਗਰ ਵਿੱਚ 12 ਮਿਲੀਮੀਟਰ ਅਤੇ ਲੁਧਿਆਣਾ ਵਿੱਚ 9.6 ਮਿਲੀਮੀਟਰ ਵਰਖਾ ਦਰਜ ਕੀਤੀ ਗਈ। ਫ਼ਿਰੋਜ਼ਪੁਰ, ਪਟਿਆਲਾ, ਜਲੰਧਰ ਅਤੇ ਭਾਖੜਾ ਡੈਮ ਦੇ ਨੇੜਲੇ ਇਲਾਕਿਆਂ ਵਿੱਚ ਵੀ ਹਲਕੀ ਬਾਰਿਸ਼ ਹੋਈ।
ਦੂਜੇ ਪਾਸੇ ਚੰਡੀਗੜ੍ਹ, ਅੰਮ੍ਰਿਤਸਰ, ਮੋਹਾਲੀ, ਸੰਗਰੂਰ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਨਾ ਪੈਣ ਕਾਰਨ ਲੋਕਾਂ ਨੂੰ ਹੁੰਮਸ ਅਤੇ ਗਰਮੀ ਦਾ ਸਾਹਮਣਾ ਕਰਨਾ ਪਿਆ।
ਅੰਮ੍ਰਿਤਸਰ ਤੋਂ ਲੰਘ ਰਹੀ ਮਾਨਸੂਨ ਟਰੱਫ਼ ਲਾਈਨ
ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ ਅਤੇ ਹਰਿਆਣਾ ਵਿੱਚ ਮਾਨਸੂਨ ਸਰਗਰਮ ਹੈ। ਮਾਨਸੂਨ ਦੀ ਟਰੱਫ਼ ਲਾਈਨ ਅੰਮ੍ਰਿਤਸਰ ਤੋਂ ਹੋ ਕੇ ਲੰਘ ਰਹੀ ਹੈ। ਇਸ ਦੇ ਨਾਲ ਉੱਤਰੀ ਪਾਕਿਸਤਾਨ ਅਤੇ ਜੰਮੂ ਖੇਤਰ ਵਿੱਚ ਪੱਛਮੀ ਗੜਬੜੀ ਵੀ ਬਣੀ ਹੋਈ ਹੈ। ਹਰਿਆਣਾ ਉੱਪਰ ਬਣਿਆ ਮੌਸਮੀ ਸਿਸਟਮ ਉੱਤਰ-ਪੱਛਮੀ ਉੱਤਰ ਪ੍ਰਦੇਸ਼ ਵੱਲ ਵਧ ਗਿਆ ਹੈ, ਜਦਕਿ ਪੰਜਾਬ ਉੱਪਰਲਾ ਸਿਸਟਮ ਕਮਜ਼ੋਰ ਹੋ ਰਿਹਾ ਹੈ। ਇਸ ਦੇ ਬਾਵਜੂਦ ਕਈ ਥਾਵਾਂ ’ਤੇ ਬੱਦਲਵਾਈ ਅਤੇ ਹਲਕੇ ਤੋਂ ਦਰਮਿਆਨੇ ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ।
ਗਰਮੀ ਕਾਰਨ ਬਿਜਲੀ ਦੀ ਮੰਗ 13,705 ਮੈਗਾਵਾਟ ਤੱਕ ਪੁੱਜੀ
ਹੁੰਮਸ ਅਤੇ ਗਰਮੀ ਦਾ ਅਸਰ ਪੰਜਾਬ ਦੀ ਬਿਜਲੀ ਮੰਗ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। 20 ਅਗਸਤ ਦੀ ਸ਼ਾਮ ਨੂੰ ਸੂਬੇ ਵਿੱਚ ਬਿਜਲੀ ਦੀ ਕੁੱਲ ਮੰਗ 13,705 ਮੈਗਾਵਾਟ ਦਰਜ ਕੀਤੀ ਗਈ। ਇਸ ਵਿੱਚੋਂ 5,027 ਮੈਗਾਵਾਟ ਬਿਜਲੀ ਸੂਬੇ ਦੇ ਆਪਣੇ ਬਿਜਲੀ ਘਰਾਂ ਤੋਂ ਪੈਦਾ ਹੋਈ, ਜਦਕਿ 8,668 ਮੈਗਾਵਾਟ ਬਿਜਲੀ ਬਾਹਰੀ ਸਰੋਤਾਂ ਤੋਂ ਖ਼ਰੀਦਣੀ ਪਈ। ਨਿਰਧਾਰਤ ਸ਼ਡਿਊਲ ਦੇ ਮੁਕਾਬਲੇ ਪੰਜਾਬ ਨੇ 203 ਮੈਗਾਵਾਟ ਵੱਧ ਬਿਜਲੀ ਬਾਹਰੋਂ ਲਈ।

