ਜਰਮਨੀ :- ਜਰਮਨੀ ਵਿੱਚ ਰਹਿ ਰਹੀਆਂ ਦੋ ਪੰਜਾਬੀ ਭੈਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਰਨ ਕੌਂਸਲ ਅਤੇ ਸਿਟੀ ਪਾਰਲੀਮੈਂਟ ਦੀਆਂ ਚੋਣਾਂ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਜਿੱਤ ਨਾਲ ਨਾ ਸਿਰਫ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੈ, ਸਗੋਂ ਪੰਜਾਬ ਦਾ ਨਾਂਅ ਵੀ ਵਿਦੇਸ਼ਾਂ ਵਿੱਚ ਉੱਚਾ ਹੋਇਆ ਹੈ।
ਟਾਂਡਾ ਦੇ ਪਿੰਡ ਰੜਾ ਨਾਲ ਸੰਬੰਧਿਤ ਦੋਵੇਂ ਭੈਣਾਂ
ਚੋਣਾਂ ਵਿੱਚ ਕਾਮਯਾਬ ਰਹਿਣ ਵਾਲੀਆਂ ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਦਾ ਮੂਲ ਨਿਵਾਸ ਟਾਂਡਾ ਦੇ ਪਿੰਡ ਰੜਾ ਨਾਲ ਜੁੜਿਆ ਹੋਇਆ ਹੈ। ਦੋਵੇਂ ਸੱਗੀਆਂ ਭੈਣਾਂ ਹਨ ਅਤੇ ਆਪਣੀ ਮਿਹਨਤ ਅਤੇ ਸਮਰਪਣ ਨਾਲ ਉਨ੍ਹਾਂ ਨੇ ਇਹ ਮਕਾਮ ਹਾਸਲ ਕੀਤਾ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ ਮਾਣ ਮਹਿਸੂਸ ਹੋ ਰਿਹਾ ਹੈ।
ਲਗਾਤਾਰ ਦੂਜੀ ਵਾਰ ਜਿੱਤ ਨਾਲ ਬਣਾਇਆ ਰਿਕਾਰਡ
ਦੋਵੇਂ ਭੈਣਾਂ ਨੇ ਇਹ ਜਿੱਤ ਪਹਿਲੀ ਵਾਰ ਨਹੀਂ, ਸਗੋਂ ਲਗਾਤਾਰ ਦੂਜੀ ਵਾਰ ਦਰਜ ਕਰਕੇ ਆਪਣੀ ਪਕੜ ਹੋਰ ਮਜ਼ਬੂਤ ਕਰ ਦਿੱਤੀ ਹੈ। ਮਾਰਚ ਮਹੀਨੇ ਦੌਰਾਨ ਹੋਈਆਂ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੇ ਜਰਮਨੀ ਦੇ ਕੇਲਕੇਮ ਸ਼ਹਿਰ ਵਿੱਚ ਭਾਰੀ ਸਮਰਥਨ ਹਾਸਲ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ।
ਵਿਦਿਆਰਥੀਆਂ ਲਈ ਬਣੀਆਂ ਸਹਾਰਾ
ਜਰਮਨੀ ਵਿੱਚ ਰਹਿੰਦਿਆਂ ਇਹ ਦੋਵੇਂ ਭੈਣਾਂ ਸਿਰਫ ਰਾਜਨੀਤਿਕ ਤੌਰ ‘ਤੇ ਹੀ ਸਰਗਰਮ ਨਹੀਂ, ਸਗੋਂ ਸਮਾਜਿਕ ਸੇਵਾ ਵਿੱਚ ਵੀ ਅੱਗੇ ਹਨ। ਵਿਦੇਸ਼ ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਜੇ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਇਹ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ, ਜਿਸ ਨਾਲ ਉਹ ਕਈਆਂ ਲਈ ਸਹਾਰਾ ਬਣ ਚੁੱਕੀਆਂ ਹਨ।

