ਨਵਾਂਸ਼ਹਿਰ :- ਨਵਾਂਸ਼ਹਿਰ ਦੇ ਪਿੰਡ ਅਟਾਲ ਮਜਾਰਾ ਨਾਲ ਸਬੰਧਤ 24 ਸਾਲਾ ਜਤਿੰਦਰ ਸਿੰਘ ਹਨੀ ਦੀ ਇਟਲੀ ਦੇ ਰੋਮ ਸ਼ਹਿਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਪਿਛਲੇ ਛੇ ਸਾਲਾਂ ਤੋਂ ਇਟਲੀ ਵਿੱਚ ਰਹਿ ਕੇ ਮਿਹਨਤ-ਮਜ਼ਦੂਰੀ ਕਰ ਰਿਹਾ ਸੀ ਅਤੇ ਆਪਣੇ ਪਰਿਵਾਰ ਦੀ ਆਰਥਿਕ ਜ਼ਿੰਮੇਵਾਰੀ ਨਿਭਾ ਰਿਹਾ ਸੀ।
ਡੇਢ ਸਾਲ ਅੰਦਰ ਤੀਜੀ ਮੌਤ ਨਾਲ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਪਰਿਵਾਰਕ ਮੈਂਬਰਾਂ ਮੁਤਾਬਕ ਜਤਿੰਦਰ ਦੀ ਮੌਤ ਨੇ ਘਰ ਨੂੰ ਗਹਿਰੇ ਸਦਮੇ ਵਿੱਚ ਧੱਕ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਦੇ ਭਰਾ ਅਤੇ ਪਿਤਾ ਦਾ ਵੀ ਦੇਹਾਂਤ ਹੋ ਚੁੱਕਾ ਹੈ। ਡੇਢ ਸਾਲ ਦੇ ਅੰਦਰ ਪਰਿਵਾਰ ਵਿੱਚ ਤੀਜੀ ਮੌਤ ਹੋਣ ਕਾਰਨ ਘਰ ਦਾ ਮਾਹੌਲ ਪੂਰੀ ਤਰ੍ਹਾਂ ਗਮਗੀਨ ਬਣਿਆ ਹੋਇਆ ਹੈ।
ਮਾਂ ਅਤੇ ਭੈਣ ਦਾ ਰੋ-ਰੋ ਕੇ ਬੁਰਾ ਹਾਲ
ਜਤਿੰਦਰ ਆਪਣੇ ਪਿੱਛੇ ਬਜ਼ੁਰਗ ਮਾਤਾ ਦਲਜੀਤ ਕੌਰ ਅਤੇ ਅਣਵਿਆਹੀ ਭੈਣ ਨੂੰ ਛੱਡ ਗਿਆ ਹੈ। ਪਰਿਵਾਰ ਦਾ ਇਕਲੌਤਾ ਕਮਾਊ ਮੈਂਬਰ ਹੋਣ ਕਰਕੇ ਉਸ ਦੀ ਮੌਤ ਨੇ ਪਰਿਵਾਰ ਨੂੰ ਆਰਥਿਕ ਅਤੇ ਮਾਨਸਿਕ ਤੌਰ ‘ਤੇ ਵੱਡਾ ਝਟਕਾ ਦਿੱਤਾ ਹੈ।
ਅੱਜ ਰਾਤ ਦਿੱਲੀ ਪਹੁੰਚੇਗੀ ਮ੍ਰਿਤਕ ਦੇਹ
ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਜਤਿੰਦਰ ਦੀ ਮ੍ਰਿਤਕ ਦੇਹ ਭਾਰਤ ਭੇਜੀ ਜਾ ਰਹੀ ਹੈ। ਦੇਹ ਦੇ ਦਿੱਲੀ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਸ਼ੁੱਕਰਵਾਰ ਨੂੰ ਪਿੰਡ ਲਿਆਂਦਾ ਜਾਵੇਗਾ।
ਪਰਿਵਾਰ ਲਈ ਸਰਕਾਰੀ ਮਦਦ ਦੀ ਉੱਠੀ ਮੰਗ
ਪਿੰਡ ਵਾਸੀਆਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੁਖੀ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ, ਤਾਂ ਜੋ ਉਹ ਇਸ ਔਖੇ ਸਮੇਂ ਦਾ ਸਾਹਮਣਾ ਕਰ ਸਕਣ।

