ਆਜ਼ਾਦੀ ਦਿਵਸ ‘ਤੇ ਹਮਲੇ ਦੀ ਸਾਜ਼ਿਸ਼ ਨਾਕਾਮ, ਪੰਜ ਦੋਸ਼ੀ ਗ੍ਰਿਫ਼ਤਾਰ, ਹਥਿਆਰ-ਵਿਸਫੋਟਕ ਬਰਾਮਦ
ਜਲੰਧਰ :- ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਐੱਸ.ਬੀ.ਐੱਸ. ਨਗਰ ਪੁਲਿਸ ਨਾਲ ਸਾਂਝੀ ਕਾਰਵਾਈ ਦੌਰਾਨ ਪਾਕਿਸਤਾਨ ਦੀ ਆਈ.ਐਸ.ਆਈ. ਦੇ ਹਿਮਾਇਤਸ਼ੁਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਦੇ ਵੱਡੇ ਟੈਰਰ ਨੈੱਟਵਰਕ ਨੂੰ ਤੋੜਣ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਵਿਦੇਸ਼-ਅਧਾਰਿਤ ਹੈਂਡਲਰ ਮੰਨੂ ਅਗਵਾਨ, ਗੋਪੀ ਨਵਾਂਸ਼ਹਿਰੀਆ ਅਤੇ ਜ਼ੀਸ਼ਾਨ ਅਖ਼ਤਰ ਦੇ ਸੰਚਾਲਨ ਹੇਠ ਕੰਮ ਕਰ ਰਹੇ ਇਸ ਮੋਡੀਊਲ ਨੂੰ ਪਾਕਿਸਤਾਨ ਅਧਾਰਿਤ BKI ਓਪਰੇਟਿਵ ਹਰਵਿੰਦਰ ਰਿੰਦਾ ਦੇ ਹੁਕਮਾਂ ‘ਤੇ ਚਲਾਇਆ ਜਾ ਰਿਹਾ ਸੀ।
ਪੰਜ ਦੋਸ਼ੀ ਰਾਜਸਥਾਨ ‘ਚੋਂ ਕਾਬੂ, ਹਮਲੇ ਦੀ ਯੋਜਨਾ ਫੇਲ
ਟੌਂਕ ਅਤੇ ਜੈਪੁਰ ਜ਼ਿਲ੍ਹਿਆਂ ਤੋਂ ਪੰਜ ਆਪਰੇਟਿਵ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਐੱਸ.ਬੀ.ਐੱਸ. ਨਗਰ ਦੇ ਇੱਕ ਸ਼ਰਾਬ ਘਰ ‘ਚ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੂੰ ਆਜ਼ਾਦੀ ਦਿਵਸ ਦੇ ਮੌਕੇ ਹੋਰ ਹਮਲੇ ਕਰਨ ਲਈ ਵੀ ਟਾਸਕ ਦਿੱਤਾ ਗਿਆ ਸੀ। ਗ੍ਰਿਫ਼ਤਾਰ ਸ਼ਖ਼ਸਾਂ ਨੂੰ ਵਿਦੇਸ਼-ਅਧਾਰਿਤ ਜ਼ੀਸ਼ਾਨ ਅਖ਼ਤਰ ਅਤੇ ਬੀ.ਕੇ.ਆਈ. ਮਾਸਟਰਮਾਈਂਡ ਮੰਨੂ ਅਗਵਾਨ ਵੱਲੋਂ ਸਿੱਧੇ ਨਿਰਦੇਸ਼ ਮਿਲ ਰਹੇ ਸਨ। ਮੰਨੂ ਅਗਵਾਨ, ਪਾਕਿਸਤਾਨ ਅਧਾਰਿਤ ਰਿੰਦਾ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਮੁਕਾਬਲੇ ਦੌਰਾਨ ਗੋਲੀਬਾਰੀ, ਇੱਕ ਜ਼ਖ਼ਮੀ
ਰਿਕਵਰੀ ਲਈ ਲੈ ਜਾਣ ਦੌਰਾਨ ਇੱਕ ਦੋਸ਼ੀ ਨੇ ਪੁਲਿਸ ‘ਤੇ ਗੋਲੀ ਚਲਾਈ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਉਹ ਜ਼ਖ਼ਮੀ ਹੋ ਗਿਆ ਅਤੇ ਇਸ ਵੇਲੇ ਐੱਸ.ਬੀ.ਐੱਸ. ਨਗਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ।
ਹਥਿਆਰ ਅਤੇ ਵਿਸਫੋਟਕ ਬਰਾਮਦ
ਪੁਲਿਸ ਨੇ ਦੋਸ਼ੀਆਂ ਤੋਂ ਇੱਕ 86p ਹੈਂਡ ਗ੍ਰਨੇਡ, ਇੱਕ .30 ਬੋਰ ਪਿਸਤੌਲ, ਦੋ ਜ਼ਿੰਦਾ ਕਾਰਤੂਸ ਅਤੇ .30 ਬੋਰ ਦੇ ਦੋ ਖਾਲੀ ਖੋਲ ਬਰਾਮਦ ਕੀਤੇ ਹਨ। ਮਾਮਲੇ ਵਿੱਚ ਪੁਲਿਸ ਸਟੇਸ਼ਨ ਸਿਟੀ ਨਵਾਂਸ਼ਹਿਰ ‘ਚ ਬੀ.ਐਨ.ਐਸ. ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀਆਂ ਧਾਰਾਵਾਂ ਹੇਠ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਪੰਜਾਬ ਪੁਲਿਸ ਨੇ ਕਿਹਾ ਕਿ ਉਹ ਰਾਜ ਵਿੱਚ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਤਰ੍ਹਾਂ ਦੇ ਟੈਰਰ ਨੈੱਟਵਰਕ ਨੂੰ ਨਿਸ਼ਾਨਾ ਬਣਾਉਣ ਲਈ ਵਚਨਬੱਧ ਹੈ।