ਪਾਤੜਾਂ :- ਸਬ ਡਵੀਜ਼ਨ ਪਾਤੜਾਂ ਦੇ ਪਿੰਡਾਂ ਵਿਚੋਂ ਲੰਘਦੇ ਘੱਗਰ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਹੈ। ਖਨੌਰੀ ਹੈੱਡਵਰਕਸ 460 ’ਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 3 ਫੁੱਟ ਉੱਪਰ ਪਹੁੰਚ ਗਿਆ ਹੈ। ਅੱਜ ਦੁਪਹਿਰ 2 ਵਜੇ ਪਾਣੀ ਦਾ ਪੱਧਰ 750.7 ਫੁੱਟ ਤੇ 14,575 ਕਿਊਸਿਕ ਦਰਜ ਕੀਤਾ ਗਿਆ। ਇਸ ਨਾਲ ਨੇੜਲੇ ਪਿੰਡਾਂ ਦੇ ਕਿਸਾਨਾਂ ਵਿੱਚ ਚਿੰਤਾ ਵਧ ਗਈ ਹੈ ਪਰ ਉਹ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਦਿਨ-ਰਾਤ ਕੰਢੇ ਮਜ਼ਬੂਤ ਕਰਨ ’ਚ ਲੱਗੇ ਹਨ।
ਪਿੰਡਾਂ ਦੇ ਲੋਕ ਆਪ ਮੁਹਾਰੇ ਬੰਨ੍ਹਾਂ ਦੀ ਮੁਰੰਮਤ ਕਰ ਰਹੇ
ਪਿੰਡ ਹਰਚੰਦਪੁਰਾ ਦੇ ਖੇਤਾਂ ਵਿਚ ਜਦੋਂ ਘੱਗਰ ਦਾ ਪਾਣੀ ਵਗਣਾ ਸ਼ੁਰੂ ਹੋਇਆ ਤਾਂ ਕਿਸਾਨਾਂ ਨੇ ਆਪਣੀ ਮਹਿੰਨਤ ਨਾਲ ਦਰਿਆ ਨੂੰ ਟੁੱਟਣ ਤੋਂ ਬਚਾਇਆ। ਇਸੇ ਤਰ੍ਹਾਂ ਦਿੱਲੀ-ਜੰਮੂ-ਕੱਟੜਾ ਐਕਸਪ੍ਰੈਸਵੇਅ ਨੇੜੇ ਸ਼ੁਤਰਾਣਾ, ਰਸੌਲੀ, ਨਾਈਵਾਲਾ, ਜੋਗੇਵਾਲਾ, ਗੁਲਾਹੜ, ਹੋਤੀਪੁਰ ਅਤੇ ਨਵਾਂਗਾਉਂ ਦੇ ਲੋਕ 24 ਘੰਟੇ ਬੰਨ੍ਹ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ।
ਪ੍ਰਸ਼ਾਸਨ ਚੌਕਸ, ਚਾਰ ਰਾਹਤ ਕੇਂਦਰ ਬਣਾਏ
ਐੱਸ.ਡੀ.ਐੱਮ. ਪਾਤੜਾਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਲਾਤ ਕਾਬੂ ਵਿਚ ਹਨ ਪਰ ਲਗਾਤਾਰ ਵਧਦੇ ਪਾਣੀ ਕਾਰਨ ਖ਼ਤਰਾ ਬਣਿਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ ਹੈ ਅਤੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਪਾਤੜਾਂ ਵਿਚ ਚਾਰ ਰਾਹਤ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ।