ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਇੱਕ ਹੋਰ ਉਮੀਦਵਾਰ ਦਾ ਐਲਾਨ, ਕੁਝ ਦਿਨ ਪਹਿਲਾਂ ਬੱਸੀ ਪਠਾਣਾ ਤੋਂ ਸਤਵੰਤ ਸਿੰਘ ਨੂੰ ਦਿੱਤੀ ਸੀ ਟਿਕਟ
ਖਡੂਰ ਸਾਹਿਬ :- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤਹਿਤ ਇੱਕ ਹੋਰ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਥੇਬੰਦੀ ਨੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਪਪਲਪ੍ਰੀਤ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ।
ਪਪਲਪ੍ਰੀਤ ਸਿੰਘ ਦੇ ਨਾਂ ਤੇ ਲਾਈ ਮੋਹਰ
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਪਪਲਪ੍ਰੀਤ ਸਿੰਘ ਨੂੰ ਮਜੀਠਾ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਬਣਾਏ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਪਲਪ੍ਰੀਤ ਸਿੰਘ ਮਜੀਠਾ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਨੁਮਾਇੰਦਗੀ ਕਰਨਗੇ।
ਬੱਸੀ ਪਠਾਣਾ ਤੋਂ ਵੀ ਐਲਾਨਿਆ ਜਾ ਚੁੱਕੈ ਉਮੀਦਵਾਰ
ਜਥੇਬੰਦੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਦੀ ਇਹ ਦੂਜੀ ਵੱਡੀ ਪਹਿਲ ਹੈ। ਇਸ ਤੋਂ ਕੁਝ ਦਿਨ ਪਹਿਲਾਂ ਬੱਸੀ ਪਠਾਣਾ ਵਿਧਾਨ ਸਭਾ ਹਲਕੇ ਤੋਂ ਸਤਵੰਤ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਹੁਣ ਪਪਲਪ੍ਰੀਤ ਸਿੰਘ ਦੇ ਨਾਂ ਦੇ ਐਲਾਨ ਨਾਲ ਜਥੇਬੰਦੀ ਨੇ ਚੋਣ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਹਨ।
ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਵਜੋਂ ਜਾਣੇ ਜਾਂਦੇ ਹਨ ਪਪਲਪ੍ਰੀਤ
ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀਆਂ ਵਿੱਚ ਗਿਣਿਆ ਜਾਂਦਾ ਹੈ। ਉਹ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਨਜ਼ਰਬੰਦੀ ਦਾ ਸਾਹਮਣਾ ਵੀ ਕਰ ਚੁੱਕੇ ਹਨ। ਨਜ਼ਰਬੰਦੀ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਲਿਆਂਦਾ ਗਿਆ ਸੀ। ਹੁਣ ਉਨ੍ਹਾਂ ਨੂੰ ਮਜੀਠਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਨਾਲ ਹਲਕੇ ਦੀ ਸਿਆਸੀ ਸਰਗਰਮੀ ਹੋਰ ਵਧਣ ਦੇ ਆਸਾਰ ਹਨ।

